
Jazzy B remembers Sidhu Moosewala: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਕਾਫੀ ਸਮਾਂ ਬੀਤ ਚੁੱਕਾ ਹੈ ਪਰ ਅਜੇ ਵੀ ਉਨ੍ਹਾਂ ਨੂੰ ਚਾਹੁਣ ਵਾਲੇ ਉਨ੍ਹਾਂ ਨੂੰ ਯਾਦ ਕਰਦੇ ਹਨ। ਹਾਲ ਹੀ ਵਿੱਚ ਜੈਜੀ ਬੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਜੈਜੀ ਬੀ ਨੇ ਸਿੱਧੂ ਮੂਸੇਵਾਲਾ ਬਾਰੇ ਕੁਝ ਅਜਿਹਾ ਕਿਹਾ, ਜਿਸ ਨੂੰ ਸੁਣ ਕੇ ਗਾਇਕ ਦੇ ਫੈਨਜ਼ ਬੇਹੱਦ ਭਾਵੁਕ ਹੋ ਗਏ। ਆਓ ਜਾਣਦੇ ਹਾਂ ਕਿ ਜੈਜੀ ਬੀ ਨੇ ਅਜਿਹਾ ਕੀ ਕਿਹਾ।

ਸਿੱਧੂ ਮੂਸੇਵਾਲਾ ਦੀ ਮੌਤ ਪੰਜਾਬੀ ਇੰਡਸਟਰੀ ਲਈ ਬਹੁਤ ਵੱਡਾ ਝਟਕਾ ਸੀ। ਹਾਲੇ ਤੱਕ ਇੰਡਸਟਰੀ ‘ਚ ਕਈ ਅਜਿਹੇ ਕਲਾਕਾਰ ਹਨ, ਜੋ ਮੂਸੇਵਾਲਾ ਦੀ ਮੌਤ ਦੇ ਗਮ ਤੋਂ ਬਾਹਰ ਨਹੀਂ ਨਿਕਲ ਸਕੇ ਹਨ। 29 ਨਵੰਬਰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਨੂੰ 6 ਮਹੀਨੇ ਪੂਰੇ ਹੋਏ ਸੀ। ਇਸ ਮੌਕੇ ਪੰਜਾਬੀ ਇੰਡਸਟਰੀ ਨੇ ਸੋਸ਼ਲ ਮੀਡੀਆ ‘ਤੇ ਮੂਸੇਵਾਲਾ ਲਈ ਇਨਸਾਫ ਮੰਗਿਆ ਸੀ।
ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰੇ ਗਾਇਕ ਜੈਜ਼ੀ ਬੀ ਨੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਹਾਲ ਹੀ ਵਿੱਚ ਇੱਕ ਮੀਡੀਆ ਹਾਊਸ ਨਾਲ ਗੱਲਬਾਤ ਕਰਦੇ ਹੋਏ ਜੈਜ਼ੀ ਬੀ ਨੇ ਕਿਹਾ , " ਸਿੱਧੂ ਮੂਸੇਵਾਲਾ ਮਹਿਜ਼ ਸਟਾਰ ਨਹੀਂ ਸੀ, ਬਲਕਿ ਉਹ ਸੁਪਰਸਟਾਰ ਸੀ। ਸਟਾਰਜ਼ ਤਾਂ ਹਰ 10 ਸਾਲ ਬਾਅਦ ਆਉਂਦੇ ਰਹਿੰਦੇ ਹਨ, ਪਰ ਸੁਪਰਸਟਾਰ 100 ਸਾਲਾਂ ‘ਚ ਕੋਈ ਇੱਕ ਆਉਂਦਾ ਹੈ।"

ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਜੈਜ਼ੀ ਬੀ ਨੇ ਅੱਗੇ ਕਿਹਾ, "ਮਹਿਜ਼ 28 ਸਾਲ ਦੀ ਉਮਰ ‘ਚ ਸਿੱਧੂ ਮੂਸੇਵਾਲਾ ਨੇ ਜੋ ਕਾਮਯਾਬੀ ਤੇ ਪ੍ਰਾਪਤੀਆਂ ਹਾਸਿਲ ਕੀਤੀਆਂ, ਉਹ ਅਦਭੁਤ ਹਨ। ਇਹੀ ਨਹੀਂ ਉਸ ਨੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਪੂਰੀ ਦੁਨੀਆ ‘ਚ ਮਸ਼ਹੂਰ ਕੀਤਾ। ਇਹ ਸ਼ਰਮਨਾਕ ਗੱਲ ਹੈ ਕਿ ਸਿੱਧੂ ਮੂਸੇਵਾਲਾ ਦਾ ਇਸ ਤਰ੍ਹਾਂ ਦਰਦਨਾਕ ਅੰਤ ਹੋਇਆ, ਪਰ ਸਾਨੂੰ ਸਭ ਨੂੰ ਸਿੱਧੂ ਮੂਸੇਵਾਲਾ ਨੂੰ ਆਪਣੇ ਦਿਲ 'ਚ ਵਸਾ ਕੇ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਅਤੇ ਉਸ ਦੇ ਲਈ ਇਨਸਾਫ ਦੀ ਮੰਗ ਕਰਨੀ ਚਾਹੀਦੀ ਹੈ।"

ਦੱਸ ਦਈਏ ਕਿ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹਾਲੇ ਤੱਕ ਪਰਿਵਾਰ ਤੇ ਚਾਹੁਣ ਵਾਲੇ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰ ਰਹੇ ਹਨ।