ਜਾਣੋ ਕਿਉਂ ਦਿਵਿਆਂਗ ਸ਼ਤਰੰਜ ਖਿਡਾਰਨ ਮਲਿਕਾ ਹਾਂਡਾ ਨੇ ਪੰਜਾਬ ਸਰਕਾਰ 'ਤੇ ਕੱਢੀ ਭੜਾਸ

written by Pushp Raj | January 03, 2022

ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਤੇ ਖਿਡਾਰੀਆਂ ਲਈ ਕਈ ਤਰ੍ਹਾਂ ਵਾਅਦੇ ਕੀਤੇ ਜਾਂਦੇ ਹਨ। ਜ਼ਮੀਨੀ ਪੱਧਰ 'ਤੇ ਇਹ ਵਾਅਦੇ ਉਸ ਵੇਲੇ ਝੂਠੇ ਪੈਂਦੇ ਨਜ਼ਰ ਆਏ ਜਦੋਂ ਇੱਕ ਦਿਵਿਆਂਗ ਮਹਿਲਾ ਖਿਡਾਰਨ ਨੂੰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਮਦਦ ਨਹੀਂ ਮਿਲੀ। ਦੇਸ਼ ਲਈ ਸ਼ਤਰੰਜ ਵਿੱਚ ਕਈ ਮੈਡਲ ਜਿੱਤ ਚੁੱਕੀ ਦਿਵਿਆਂਗ ਮਹਿਲਾ ਖਿਡਾਰਨ ਮਲਿਕਾ ਹਾਂਡਾ ਨੇ ਸਰਕਾਰ ਉੱਤੇ ਵਾਅਦਿਆਂ ਨੂੰ ਪੂਰੇ ਨਾ ਕਰਨ 'ਤੇ ਉਸ ਲਈ ਐਲਾਨੀ ਗਈ ਨਗਦ ਰਾਸ਼ੀ ਨਾਂ ਦੇਣ ਦੇ ਦੋਸ਼ ਲਾਏ ਹਨ।

ਸ਼ਤਰੰਜ ਵਿੱਚ ਦੇਸ਼ ਲਈ ਮੈਡਲ ਜਿੱਤਣ ਵਾਲੀ ਖਿਡਾਰਨ ਮਲਿਕਾ ਹਾਂਡਾ (World champion Malika Handa) ਨੇ ਨੌਕਰੀ ਨਾਂ ਮਿਲਣ 'ਤੇ ਚੰਨੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਖੜ੍ਹਾ ਕੀਤਾ ਹੈ। ਖਿਡਾਰਨ ਨੇ ਸਰਕਾਰ ਉੱਤੇ ਉਸ ਨਾਲ ਕੀਤੇ ਵਾਅਦੇ ਪੂਰੇ ਨਾਂ ਕਰਨ ਇਲਜ਼ਾਮ ਲਾਏ ਹਨ।

malika handa 1 image From twitter

ਦੱਸ ਦਈਏ ਕਿ ਮਲਿਕਾ ਹਾਂਡਾ ਇੱਕ ਵਿਸ਼ੇਸ਼ ਖਿਡਾਰਨ ਹੈ। ਉਹ ਬੋਲਣ ਅਤੇ ਸੁਨਣ ਵਿੱਚ ਅਸਮਰਥ ਹੈ। ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਮਲਿਕਾ ਨੇ ਦੇਸ਼ ਲਈ 7 ਨੈਸ਼ਨਲ ਚੈਂਪੀਅਨਸ਼ਿਪ, 4 ਵਾਰ ਓਲੰਪਿਕ, ਵਿਸ਼ਵ ਪੱਧਰ 'ਤੇ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ 'ਚ 6 ਵਾਰ ਮੈਡਲ ਜਿੱਤੇ ਹਨ।

ਮਲਿਕਾ ਹਾਂਡਾ ਦੇ ਮੁਤਾਬਕ ਸਾਲ 2021 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਉਸ ਨੂੰ ਨੌਕਰੀ ਅਤੇ ਨਕਦ ਇਨਾਮ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਸਬੰਧ ਵਿੱਚ ਇੱਕ ਪ੍ਰੋਗਰਾਮ ਵੀ ਰੱਖਿਆ ਗਿਆ ਸੀ, ਜਿਸ ਦੀ ਤਾਰੀਕ 8 ਸਤੰਬਰ 2021 ਸੀ। ਮਲਿਕਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚਲਦੇ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ, ਜਿਸ ਦੇ ਕਾਰਨ ਉਹ ਇਸ ਪ੍ਰੋਗਰਾਮ 'ਚ ਨਹੀਂ ਜਾ ਸਕੀ।


ਉਸ ਨੇ ਕਿਹਾ ਕਿ ਜਦ ਹੁਣ ਉਹ ਮੌਜੂਦਾ ਖੇਡ ਮੰਤਰੀ ਪਰਗਟ ਸਿੰਘ ਨੂੰ ਨੌਕਰੀ ਦੇ ਸਬੰਧ 'ਚ ਮਿਲੀ ਤਾਂ ਉਨ੍ਹਾਂ ਨੇ ਉਸ ਨੂੰ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ। ਪਰਗਟ ਸਿੰਘ ਦਾ ਕਹਿਣਾ ਹੈ ਕਿ ਇਹ ਇਨਾਮ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਐਲਾਨੀਆ ਗਿਆ ਸੀ, ਮੌਜੂਦਾ ਸਰਕਾਰ ਵੱਲੋਂ ਉਸ ਦੇ ਲਈ ਕੁਝ ਵੀ ਅਜਿਹਾ ਐਲਾਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕੋਲ ਡੀਫ ਤੇ ਡੰਬ ਖਿਡਾਰੀਆਂ ਲਈ ਕਿਸੇ ਤਰ੍ਹਾਂ ਦੀ ਕੋਈ ਯੋਜਨਾ ਨਹੀਂ ਹੈ।

ਨੌਕਰੀ ਤੇ ਆਰਥਿਕ ਮਦਦ ਨਾਂ ਮਿਲਣ 'ਤੇ ਮਲਿਕਾ ਹਾਂਡਾ ਨੇ ਚੰਨੀ ਸਰਕਾਰ ਨੂੰ ਘੇਰੇ ਵਿੱਚ ਲਿਆ ਹੈ। ਮਲਿਕਾ ਨੇ ਇਸ ਸਬੰਧ 'ਚ ਆਪਣਾ ਰੋਸ ਜ਼ਾਹਿਰ ਕਰਦੇ ਹੋਏ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਮਲਿਕਾ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਸ ਦੀ ਕੋਈ ਮਦਦ ਨਹੀਂ ਕਰਨਾ ਚਾਹੁੰਦੀ ਸੀ ਤਾਂ ਉਨ੍ਹਾਂ ਨੇ ਇਨਾਮ ਦਾ ਐਲਾਨ ਕਿਉਂ ਕੀਤਾ। ਉਸ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਆਪਣੇ ਵਾਅਦਿਆਂ ਤੋਂ ਮੁਕਰ ਰਹੀ ਹੈ। ਸਰਕਾਰ ਨੇ ਉਸ ਦੇ 5 ਸਾਲ ਦਾ ਸਮਾਂ ਖ਼ਰਾਬ ਕੀਤਾ ਹੈ ਤੇ ਉਸ ਦਾ ਮਜ਼ਾਕ ਬਣਾਇਆ ਹੈ, ਉਨ੍ਹਾਂ ਦੀਆਂ ਨਜ਼ਰਾਂ ਵਿੱਚ ਇੱਕ ਦਿਵਿਆਂਗ ਖਿਡਾਰੀ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਹੈ।

malika handa pic image From twitter

ਹੋਰ ਪੜ੍ਹੋ : ਕੋਰੋਨਾ ਦੀ ਤੀਜੀ ਲਹਿਰ ਵਿਚਾਲੇ ਮੁੜ ਲੋਕਾਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ

ਮਲਿਕਾ ਹਾਂਡਾ ਦੀ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਲੋਕ ਵੱਖ-ਵੱਖ ਢੰਗ ਨਾਲ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਲੋਕਾਂ ਨੇ ਆਖਿਆ ਕਿ ਸਰਕਾਰ ਨੂੰ ਖ਼ਾਸ ਕਰ ਦਿਵਿਆਂਗ ਤੇ ਲੋੜਵੰਦ ਖਿਡਾਰੀਆਂ ਵੱਲ ਵੱਧ ਧਿਆਨ ਦੀ ਲੋੜ ਹੈ। ਇਸ ਨਾਲ ਪੰਜਾਬ ਦੇ ਨੌਜਵਾਨ ਖੇਡਾਂ ਵੱਲ ਧਿਆਨ ਲਾ ਸਕਣਗੇ ਸਗੋਂ ਵੱਧ ਤੋਂ ਵੱਧ ਖੇਡਾਂ 'ਚ ਹਿੱਸਾ ਲੈਣਗੇ ਤੇ ਦੇਸ਼ ਦਾ ਮਾਣ ਵਧਾਉਣਗੇ।

You may also like