Mercedes 'ਚ 2 ਰੁਪਏ ਕਿਲੋ ਰਾਸ਼ਨ ਲੈਣ ਪਹੁੰਚੇ ਗਰੀਬ ਵਿਅਕਤੀ ਦੀ ਵੀਡੀਓ ਹੋਈ ਵਾਇਰਲ, ਵੇਖੋ ਵੀਡੀਓ

Written by  Pushp Raj   |  September 08th 2022 01:22 PM  |  Updated: September 08th 2022 02:23 PM

Mercedes 'ਚ 2 ਰੁਪਏ ਕਿਲੋ ਰਾਸ਼ਨ ਲੈਣ ਪਹੁੰਚੇ ਗਰੀਬ ਵਿਅਕਤੀ ਦੀ ਵੀਡੀਓ ਹੋਈ ਵਾਇਰਲ, ਵੇਖੋ ਵੀਡੀਓ

Mercedes ਵਾਲਾ 'ਗਰੀਬ': ਭਾਰਤ ਵਿੱਚ ਗਰੀਬ ਲੋਕਾਂ ਦੀ ਗਿਣਤੀ ਵੱਧ ਹੈ। ਇਸ ਲਈ ਸਰਕਾਰ ਗਰੀਬਾਂ ਨੂੰ ਘੱਟ ਕੀਮਤ 'ਤੇ ਰਾਸ਼ਨ ਮੁਹੱਈਆ ਕਰਵਾਉਂਦੀ ਹੈ। ਇਸ ਘੱਟ ਰੇਟ 'ਤੇ ਮਿਲਣ ਵਾਲੇ ਰਾਸ਼ਨ ਸਕੀਮ 'ਚ ਸੂਬਾ ਤੇ ਕੇਂਦਰ ਸਰਕਾਰ ਆਪੋ ਆਪਣਾ ਹਿੱਸਾ ਪਾ ਕੇ ਇਸ ਦੀ ਕੀਮਤ ਅਦਾ ਕਰਦੀ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਗਰੀਬ ਵਿਅਕਤੀ ਕਰੋੜਾਂ ਰੁਪਏ ਦੀ ਮਰਸਡੀਜ਼ ਕਾਰ 'ਚ 2 ਰੁਪਏ ਕਿਲੋ ਰਾਸ਼ਨ ਲੈਣ ਪਹੁੰਚਇਆ।

Image Source: Twitter

ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਘਟਨਾ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੈ। ਜਿਥੇ ਇਹ ਵਿਅਕਤੀ ਆਪਣੇ ਪਿੰਡ ਡਿਪੂ ਤੋਂ ਸਰਕਾਰੀ ਸਕੀਮ ਤਹਿਤ 2 ਰੁਪਏ ਕਿਲੋ ਰਾਸ਼ਨ ਲੈਣ ਪਹੁੰਚਾ ਸੀ।। ਇਹ ਵਿਅਕਤੀ ਬੀਪੀਐਲ ਕਾਰਡ ਯਾਨੀ ਕਿ (ਗਰੀਬੀ ਰੇਖਾ ਤੋਂ ਹੇਠਾਂ) ਸਕੀਮ ਤਹਿਤ ਰਾਸ਼ਨ ਲੈਣ ਆਇਆ ਸੀ, ਪਰ ਮੌਕੇ 'ਤੇ ਮੌਜੂਦ ਲੋਕ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਸਰਕਾਰੀ ਸਕੀਮ ਤਹਿਤ ਰਾਸ਼ਨ ਲੈਣ ਪਹੁੰਚਾ ਇਹ ਵਿਅਕਤੀ ਕਰੋੜਾਂ ਰੁਪਏ ਦੀ ਮਰਸਡੀਜ਼ ਗੱਡੀ ਵਿੱਚ ਆਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਮਰਸਡੀਜ਼ ਦੁਨੀਆ ਦੀਆਂ ਲਗਜ਼ਰੀ ਗੱਡੀਆਂ ਵਿੱਚੋਂ ਇੱਕ ਹੈ ਅਤੇ ਇਸ ਦੀ ਕੀਮਤ ਲੱਖ ਤੋਂ ਕਰੋੜਾਂ ਰੁਪਏ ਹੈ। ਮੀਡੀਆ ਰਿਪੋਰਟ ਮੁਤਾਬਕ ਇਹ ਵਿਅਕਤੀ ਪੰਜਾਬ ਸਰਕਾਰ ਦੀ 'ਆਟਾ ਦਾਲ ਸਕੀਮ' ਤਹਿਤ 2 ਰੁਪਏ ਕਿਲੋ ਕਣਕ ਖਰੀਦਣ ਆਇਆ ਸੀ।

ਇੱਕ ਪਾਸੇ ਜਿਥੇ ਇੱਕ ਪਾਸੇ ਸਰਕਾਰ ਗਰੀਬਾਂ ਲਈ ਸਸਤਾ ਰਾਸ਼ਨ ਦੇ ਕੇ ਇਹ ਉਪਰਾਲਾ ਕਰ ਰਹੀ ਹੈ ਕਿ ਕਿਸੇ ਨੂੰ ਭੁੱਖਾ ਨਾਂ ਸੌਣਾ ਪਵੇ, ਉਥੇ ਹੀ ਦੂਜੇ ਪਾਸੇ ਮਰਸਡੀਜ਼ ਵਾਲੇ ਨੂੰ ਸਰਕਾਰੀ ਸਕੀਮ ਤਹਿਤ ਰਾਸ਼ਨ ਖਰੀਦਦਾ ਵੇਖ ਲੋਕ ਭੜਕ ਗਏ।

Image Source: Twitter

ਸਥਾਨਕ ਮੀਡੀਆ 'ਚ ਛਪੀਆਂ ਖਬਰਾਂ ਮੁਤਾਬਕ ਰਾਸ਼ਨ ਡਿਪੂ ਚਲਾਉਣ ਵਾਲੇ ਵਿਅਕਤੀ ਦਾ ਨਾਂ ਅਮਿਤ ਕੁਮਾਰ ਹੈ। ਸਵਾਲ ਪੁੱਛੇ ਜਾਣ 'ਤੇ ਉਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਕਤ ਵਿਅਕਤੀ ਕੋਲ ਬੀ.ਪੀ.ਐਲ. ਕਾਰਡ ਸੀ, ਇਸ ਲਈ ਉਨ੍ਹਾਂ ਨੇ ਉਸ ਨੂੰ ਰਾਸ਼ਨ ਦਿੱਤਾ। ਜਦੋਂ ਅਮਿਤ ਕੁਮਾਰ ਨੂੰ ਪੁੱਛਿਆ ਗਿਆ ਕਿ ਕੀ ਉਹ ਆਪਣੀ ਦੁਕਾਨ 'ਤੇ ਆਉਣ ਵਾਲੇ ਲੋਕਾਂ ਦੇ ਕਾਰਡ ਠੀਕ ਤਰ੍ਹਾਂ ਚੈੱਕ ਨਹੀਂ ਕਰਦੇ? ਇਸ 'ਤੇ ਅਮਿਤ ਕੁਮਾਰ ਨੇ ਸਪੱਸ਼ਟੀਕਰਨ ਦੇ ਲਹਿਜੇ 'ਚ ਕਿਹਾ ਕਿ ਉਹ ਸਿਰਫ ਸਰਕਾਰੀ ਨਿਯਮਾਂ ਦੀ ਪਾਲਣਾ ਕਰ ਰਹੇ ਹਨ।

ਜਦੋਂ ਮਰਸਡੀਜ਼ ਵਾਲੇ ਗਰੀਬ ਵਿਅਕਤੀ ਦੀ ਪਛਾਣ ਰਮੇਸ਼ ਸੈਨੀ ਵਜੋਂ ਹੋਈ ਹੈ। ਜਦੋਂ ਇਸ ਵਿਅਕਤੀ ਕੋਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਇਹ ਗੱਡੀ ਉਸ ਦੀ ਨਹੀਂ ਹੈ। ਇਹ ਗੱਡੀ ਉਸ ਦੇ ਰਿਸ਼ਤੇਦਾਰ ਦੀ ਹੈ ਜੋ ਕਿ ਭਾਰਤ ਵਿੱਚ ਨਹੀਂ ਰਹਿੰਦੇ। ਉਹ ਮਹਿਜ਼ ਰਾਸ਼ਨ ਲੈ ਜਾਣ ਲਈ ਇਹ ਗੱਡੀ ਲੈ ਕੇ ਆਇਆ ਸੀ। ਰਮੇਸ਼ ਨੇ ਦੱਸਿਆ ਕਿ ਉਸ ਦੇ ਬੱਚੇ ਵੀ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ ਅਤੇ ਉਸ ਦਾ ਵੀਡੀਓਗ੍ਰਾਫੀ ਦਾ ਛੋਟਾ ਜਿਹਾ ਕਾਰੋਬਾਰ ਹੈ।

Image Source: Twitter

ਹੋਰ ਪੜ੍ਹੋ: The Kapil Sharma Show: ਕ੍ਰਿਸ਼ਨਾ ਤੇ ਭਾਰਤੀ ਤੋਂ ਬਾਅਦ ਇਸ ਕਲਾਕਾਰ ਨੇ ਛੱਡਿਆ ਕਪਿਲ ਦਾ ਸ਼ੋਅ, ਪੜ੍ਹੋ ਪੂਰੀ ਖ਼ਬਰ

ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਸਖ਼ਤ ਐਕਸ਼ਨ ਵਿੱਚ ਨਜ਼ਰ ਆਈ। ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬੀ.ਪੀ.ਐਲ. ਕਾਰਡ ਧਾਰਕਾਂ ਦੀ ਜਾਂਚ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network