ਇਸ ਗਾਣੇ ਨਾਲ ਪੰਜਾਬੀ ਫ਼ਿਲਮਾਂ 'ਚ ਹੋਈ ਸੀ ਮਨਜੀਤ ਕੁਲਾਰ ਦੀ ਐਂਟਰੀ, ਇਸ ਕਰਕੇ ਫ਼ਿਲਮੀ ਦੁਨੀਆ ਤੋਂ ਹੋਈ ਦੂਰ 

Written by  Rupinder Kaler   |  August 06th 2019 12:46 PM  |  Updated: August 07th 2019 11:55 AM

ਇਸ ਗਾਣੇ ਨਾਲ ਪੰਜਾਬੀ ਫ਼ਿਲਮਾਂ 'ਚ ਹੋਈ ਸੀ ਮਨਜੀਤ ਕੁਲਾਰ ਦੀ ਐਂਟਰੀ, ਇਸ ਕਰਕੇ ਫ਼ਿਲਮੀ ਦੁਨੀਆ ਤੋਂ ਹੋਈ ਦੂਰ 

ਪੰਜਾਬੀ ਫ਼ਿਲਮ ਇੰਡਸਟਰੀ ਅੱਜ ਦੇ ਦੌਰ ਵਿੱਚ ਤਰੱਕੀ ਦੀਆਂ ਬੁਲੰਦੀਆਂ ਛੂਹ ਰਹੀ ਹੈ । ਇਸ ਇੰਡਸਟਰੀ ਵਿੱਚ ਹਰ ਰੋਜ਼ ਨਵੇਂ ਚਿਹਰੇ ਦਿਖਾਈ ਦੇ ਰਹੇ ਹਨ । ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਇਸ ਇੰਡਸਟਰੀ ਵਿੱਚ ਗਿਣਵੇਂ ਚੁਣਵੇਂ ਚਿਹਰੇ ਹੀ ਦਿਖਾਈ ਦਿੰਦੇ ਸਨ, ਖ਼ਾਸ ਤੌਰ ਤੇ ਹੀਰੋਇਨਾਂ ਦੇ ਮਾਮਲੇ ਵਿੱਚ । 80 ਦੇ ਦਹਾਕੇ ਵਿੱਚ ਆਈਆਂ ਪੰਜਾਬੀ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰ ਵਿੱਚ ਸਿਰਫ਼ ਪ੍ਰੀਤੀ ਸੱਪਰੂ, ਦਲਜੀਤ ਕੌਰ ਅਤੇ ਰਮਾ ਵਿੱਜ ਹੀ ਦਿਖਾਈ ਦਿੰਦੀਆਂ ਸਨ । 90 ਦਾ ਦਹਾਕਾ ਆਇਆ ਤਾਂ ਕੁਝ ਚਿਹਰੇ ਇਸ ਇੰਡਸਟਰੀ ਨਾਲ ਹੋਰ ਜੁੜ ਗਏ । ਇਹਨਾਂ ਚਿਹਰਿਆਂ ਵਿੱਚ ਇੱਕ ਚਿਹਰਾ ਸੀ ਮਨਜੀਤ ਕੁਲਾਰ ਦਾ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

ਮਨਜੀਤ ਕੁਲਾਰ ਹੁਣ ਭਾਵੇਂ ਫ਼ਿਲਮੀ ਦੁਨੀਆ ਤੋਂ ਦੂਰ ਹੈ ਪਰ ਉਹਨਾਂ ਦੀਆਂ ਕੁਝ ਫ਼ਿਲਮਾਂ ਅਜਿਹੀਆਂ ਹਨ ਜਿਹੜੀਆਂ ਕਿ ਯਾਦਗਾਰ ਹਨ । ਇਸ ਆਰਟੀਕਲ ਵਿੱਚ ਉਹਨਾਂ ਦੇ ਨਾਲ ਜੁੜੀਆਂ ਕੁਝ ਗੱਲਾਂ ਸਾਂਝੀਆਂ ਕਰਾਂਗੇ । ਮਨਜੀਤ ਕੁਲਾਰ ਦਾ ਜਨਮ ਮੁੰਬਈ ਵਿੱਚ ਹੋਇਆ ਸੀ। ਜਿਸ ਸਮੇਂ ਉਹ ਆਪਣੇ ਸਕੂਲ ਦੀ ਪੜ੍ਹਾਈ ਕਰ ਰਹੀ ਸੀ ਉਸ ਸਮੇਂ ਹੀ ਉਹਨਾਂ ਨੂੰ ਫ਼ਿਲਮਾਂ ਦੇ ਆਫ਼ਰ ਆਉਣੇ ਸ਼ੁਰੂ ਹੋ ਗਏ ਸਨ । ਜਿਸ ਬੰਦੇ ਨੇ ਮਨਜੀਤ ਕੁਲਾਰ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦੀ ਸਲਾਹ ਦਿੱਤੀ ਸੀ, ਉਸ ਦੇ ਕਹਿਣ ਤੇ ਮਨਜੀਤ ਨੇ ਡਾਂਸ ਕਲਾਸ ਸ਼ੁਰੂ ਕਰ ਦਿੱਤੀ ਸੀ ।

ਘੈਂਟ ਪੰਜਾਬ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਮੁਤਾਬਿਕ ਇਸ ਤੋਂ ਬਾਅਦ ਉਹਨਾਂ ਨੂੰ ਆਪਣਾ ਨਾਂਅ ਬਦਲਣ ਦੀ ਸਲਾਹ ਦਿੱਤੀ ਗਈ, ਪਰ ਉਹਨਾਂ ਇਸ ਤਰ੍ਹਾਂ ਨਹੀਂ ਕੀਤਾ ਕਿਉਂਕਿ ਇਹ ਨਾਂ ਉਹਨਾਂ ਦੇ ਮਾਪਿਆਂ ਨੇ ਦਿੱਤਾ ਸੀ । ਮਨਜੀਤ ਕੁਲਾਰ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਮਿਥੁਨ ਚੱਕਰਵਤੀ ਦੀ ਫ਼ਿਲਮ 'ਸੂਚਨਾ' ਨਾਲ ਕੀਤੀ ਸੀ ਪਰ ਇਹ ਫ਼ਿਲਮ ਰਿਲੀਜ਼ ਨਹੀਂ ਹੋਈ । ਇਸ ਤੋਂ ਬਾਅਦ ਮਨਜੀਤ ਕੁਲਾਰ ਨੇ ਕੁਝ ਹੋਰ ਹਿੰਦੀ ਫ਼ਿਲਮਾਂ ਕੀਤੀਆਂ ਜਿਵੇਂ ਮੁਹੱਬਤ ਕੇ ਦੁਸ਼ਮਣ, ਲੁਟੇਰਾ ਸੁਲਤਾਨ ਪਰ ਇਹਨਾਂ ਫ਼ਿਲਮਾਂ ਨਾਲ ਉਹਨਾਂ ਨੂੰ ਕੋਈ ਖ਼ਾਸ ਪਹਿਚਾਣ ਨਹੀਂ ਮਿਲੀ ।

ਇਸ ਤੋਂ ਬਾਅਦ ਉਹਨਾਂ ਨੇ ਬੰਦ ਦਰਵਾਜਾ ਫ਼ਿਲਮ ਕੀਤੀ, ਜਿਸ ਨਾਲ ਉਹਨਾਂ ਦੀ ਇੰਡਸਟਰੀ ਵਿੱਚ ਪਹਿਚਾਣ ਬਣ ਗਈ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੂੰ ਕੁੱਝ ਵੱਡੇ ਬਜਟ ਦੀਆਂ ਫ਼ਿਲਮਾਂ ਮਿਲੀਆਂ । ਉਹਨਾਂ ਨੇ ਮਿਸਟਰ ਬੌਂਡ, ਇੱਕੇ ਪੇ ਇੱਕਾ , ਦਿਲ ਕਾ ਕਯਾ ਕਸੂਰ ਵਰਗੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ । ਇਸ ਸਭ ਦੇ ਚਲਦੇ ਮਨਜੀਤ ਕੁਲਾਰ ਨੂੰ ਜਲੰਧਰ ਦੂਰਦਰਸ਼ਨ 'ਤੇ ਜੁਗਨੀ ਨਾਂ ਦਾ ਗਾਣਾ ਕਰਨ ਦਾ ਮੌਕਾ ਮਿਲਿਆ, ਇਹ ਗਾਣਾ ਉਸ ਸਮੇਂ ਏਨਾਂ ਮਕਬੂਲ ਹੋ ਗਿਆ ਕਿ ਮਨਜੀਤ ਦੇ ਕੰਮ ਦੇ ਹਰ ਪਾਸੇ ਚਰਚੇ ਸ਼ੁਰੂ ਹੋ ਗਏ ।

ਇਸ ਤੋਂ ਬਾਅਦ ਉਹਨਾਂ ਨੂੰ ਪਹਿਲੀ ਪੰਜਾਬੀ ਫ਼ਿਲਮ ਜੱਟ ਜਿਊਣਾ ਮੋੜ ਆਫਰ ਹੋਈ । ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਉਹਨਾਂ ਕਿਹਾ ਕਿ  ਫ਼ਿਲਮ ਦੀ ਸ਼ੂਟਿੰਗ ਕੁਝ ਹਫ਼ਤਿਆਂ ਹੀ ਖਤਮ ਕਰ ਦਿੱਤੀ । ਜਦੋਂ ਇਹ ਫ਼ਿਲਮ ਰਿਲੀਜ਼ ਹੋਈ ਤਾਂ ਇਹ ਸੁਪਰਹਿੱਟ ਰਹੀ । ਇਸ ਫ਼ਿਲਮ ਤੋਂ ਬਾਅਦ ਮਨਜੀਤ ਕੁਲਾਰ ਨੂੰ ਅੱਧਾ ਦਰਜਨ ਫ਼ਿਲਮਾਂ ਦੀ ਆਫਰ ਹੋਈ ।

ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ ਜੱਟ ਮਿਰਜ਼ਾ, ਜਿਦ ਜੱਟਾਂ ਦੀ, ਬਗਾਵਤ, ਜ਼ੈਲਦਾਰ, ਪਛਤਾਵਾ, ਮੈਂ ਮਾਂ ਪੰਜਾਬ ਦੀ, ਮੁੱਕਦਰ ਸਮੇਤ ਹੋਰ ਕਈ ਫ਼ਿਲਮਾਂ ਵਿੱਚ ਕੰਮ ਕੀਤਾ । ਮਨਜੀਤ ਕੁਲਾਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਜਿੰਨੀ ਪ੍ਰਸਿੱਧੀ ਪੰਜਾਬੀ ਫ਼ਿਲਮਾਂ ਨਾਲ ਮਿਲੀ ਸੀ, ਓਨੀਂ ਹਿੰਦੀ ਫ਼ਿਲਮਾਂ ਨਾਲ ਨਹੀਂ ਸੀ ਮਿਲੀ । ਪੰਜਾਬੀ ਫ਼ਿਲਮਾਂ ਵਿੱਚ ਕਾਮਯਾਬੀ ਦੇ ਝੰਡੇ ਗੱਡਣ ਤੋਂ ਬਾਅਦ ਮਨਜੀਤ ਕੁਲਾਰ ਨੇ ਕਈ ਵੱਡੇ ਬਜਟ ਦੀਆਂ ਫ਼ਿਲਮਾਂ ਵੀ ਕੀਤੀਆਂ ਅਕਸ਼ੇ ਕੁਮਾਰ ਦੀ ਫ਼ਿਲਮ ਧੜਕਣ ਵਿੱਚ ਉਹਨਾਂ ਨੇ ਅਹਿਮ ਕਿਰਦਾਰ ਨਿਭਾਇਆ ।

ਇਸ ਤੋਂ ਬਾਅਦ ਮਨਤੀਤ ਕੁਲਾਰ ਨੇ ਕਾਰੋਬਾਰੀ ਸੁਨੀਲ ਮੇਹਰ ਨਾਲ ਵਿਆਹ ਕਰਵਾ ਲਿਆ । ਮਨਜੀਤ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ । ਮਨਜੀਤ ਇੱਕ ਚੰਗੀ ਮਾਂ ਤੇ ਪਤਨੀ ਹੈ, ਉਹਨਾਂ ਨੇ ਆਪਣੇ ਪਰਿਵਾਰ ਨੂੰ ਟਾਈਮ ਦੇਣ ਲਈ ਫ਼ਿਲਮੀ ਦੁਨੀਆ ਨੂੰ ਛੱਡ ਦਿੱਤਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network