ਸਿੱਖ ਕੌਮ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਰਹਿੰਦੀ ਹੈ ਅੱਗੇ, ਗੋਲਡੀ ਸਿੰਘ ਆਪਣੇ ਦਸਵੰਧ ਨਾਲ ਲੋਕਾਂ ਦੀ ਇਸ ਤਰ੍ਹਾਂ ਕਰਦਾ ਹੈ ਸੇਵਾ 

written by Rupinder Kaler | May 04, 2019

ਸਿੱਖ ਕੌਮ ਉਹ ਕੌਮ ਹੈ ਜਿਸ ਵਿੱਚ ਸਭ ਤੋਂ ਵੱਧ ਸੇਵਾ ਭਾਵਨਾ ਹੁੰਦੀ ਹੈ । ਹਰ ਸਿੱਖ ਮਨੁੱਖਤਾ ਦੀ ਸੇਵਾ ਲਈ ਦਸਵੰਦ ਕੱਢਦਾ ਹੈ । ਗੋਲਡੀ ਸਿੰਘ ਵੀ ਅਜਿਹਾ ਹੀ ਇੱਕ ਸਿੱਖ ਹੈ ਜਿਹੜਾ ਹਰ ਇੱਕ ਦੀ ਸੇਵਾ ਕਰਦਾ ਹੈ । ਗੋਲਡੀ ਪੇਸ਼ੇ ਤੋਂ ਟੈਕਸੀ ਡਰਾਇਵਰ ਹੈ ਤੇ ਉਸ ਦਾ ਸੇਵਾ ਕਰਨ ਦਾ ਅੰਦਾਜ਼ ਵੀ ਹੋਰਨਾਂ ਤੋਂ ਵੱਖਰਾ ਹੈ । ਉਹ ਆਪਣੀ ਟੈਕਸੀ ਵਿੱਚ ਆਉਣ ਵਾਲੇ ਹਰ ਮੁਸਾਫ਼ਰ ਨੂੰ ਮਿਨਰਲ ਪਾਣੀ ਦੀ ਠੰਢੀ ਬੋਤਲ ਦਿੰਦਾ ਹੈ। ਚਾਹ ਜਾਂ ਕੌਫੀ ਪਿਆਉਂਦਾ ਹੈ ।ਚਿਪਸ, ਲੈਮਨ ਸੋਡਾ ਜਾਂ ਕੁਕੀਜ਼ ਤੱਕ ਦਿੰਦਾ ਹੈ । ਪਰ ਇਸ ਸਭ ਦੇ ਉਹ ਕੋਈ ਪੈਸਾ ਨਹੀਂ ਲੈਂਦਾ ।

Goldy Goldy
ਉਸ ਦਾ ਕਹਿਣਾ ਹੈ ਕਿ ਉਹ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਹੈ ਕਿਉਂਕਿ ਗੁਰੂ ਨੇ ਆਪਣੇ ਸਿੱਖਾਂ ਨੂੰ ਆਦੇਸ਼ ਦਿੱਤਾ ਸੀ ਕਿ ਹਰ ਇੱਕ ਨੂੰ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢਣਾ ਚਾਹੀਦਾ ਹੈ ਤੇ ਇਸ ਪੈਸੇ ਨਾਲ ਲੋਕਾਂ ਦੀ ਮਦਦ ਤੇ ਸੇਵਾ ਕਰਨੀ ਚਾਹੀਦੀ ਹੈ । ਇਸੇ ਲਈ ਉਹ ਵੀ ਦਸਵੰਧ ਕੱਢਦਾ ਹੈ ਤੇ ਆਪਣੀ ਟੈਕਸੀ ਵਿੱਚ ਹੀ ਗੁਰੂ ਕਾ ਲੰਗਰ ਚਲਾਉਂਦਾ ਹੈ ।ਦਿੱਲੀ ਦੇ ਪੰਜਾਬੀ ਬਾਗ ਦੇ ਰਹਿਣ ਗੋਲਡੀ ਸਿੰਘ ਦਾ ਅਸਲ ਨਾਂ ਸੰਤ ਸਿੰਘ ਹੈ ਪਰ ਸਾਰੇ ਪਿਆਰ ਨਾਲ ਗੋਲਡੀ ਸਿੰਘ ਕਹਿੰਦੇ ਹਨ।
Goldy Goldy
ਗੋਲਡੀ ਦਾ ਕਹਿਣਾ ਹੈ ਕਿ ਉਹ ਪਹਿਲਾਂ ਇੰਜੀਨੀਅਰ ਸੀ। ਏਅਰ ਕੰਡੀਸ਼ਨਰ ਦੀ ਫਿਟਿੰਗ ਦੌਰਾਨ ਛੱਤ ਤੋਂ ਡਿੱਗ ਪਿਆ, ਜਿਸ ਨਾਲ ਪਿੱਠ 'ਚ ਸੱਟ ਲੱਗ ਗਈ। ਡਾਕਟਰ ਨੇ ਭਾਰ ਚੁੱਕਣ ਤੋਂ ਮਨ੍ਹਾ ਕਰ ਦਿੱਤਾ। ਘਰ ਬੈਠੇ ਬਿਮਾਰੀਆਂ ਨੇ ਘੇਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਮੋਟਾਪਾ ਹੋਣ ਲੱਗਾ, ਕਮਾਈ ਘੱਟ ਹੋਣ ਲੱਗੀ, ਘਰ ਦਾ ਖਰਚ ਵਧ ਗਿਆ ਅਤੇ ਬੱਚੇ ਘਰੇਲੂ ਚੀਜ਼ਾਂ ਨੂੰ ਲੈ ਕੇ ਤਰਸਣ ਲੱਗੇ। ਇਸ ਤੋਂ ਬਾਅਦ ਉਸ ਨੇ ਟੈਕਸੀ ਚਲਾਉਣ ਦਾ ਮਨ ਬਣਾਇਆ। ਕਿਰਾਏ 'ਤੇ ਟੈਕਸੀ ਚਲਾਈ। 3-3 ਦਿਨ ਘਰ ਨਹੀਂ ਗਿਆ, ਜੋ ਕਮਾਉਂਦਾ ਉਸ ਦਾ ਜ਼ਿਆਦਾਤਰ ਹਿੱਸਾ ਕਿਸ਼ਤ 'ਚ ਲਾ ਜਾਂਦਾ, ਪਰ ਹਿੰਮਤ ਅਤੇ ਮਾਤਾ-ਪਿਤਾ ਤੋਂ ਮਿਲੀ ਸਿੱਖਿਆ ਨਹੀਂ ਭੁੱਲਿਆ। ਜੇਬ 'ਚ ਮਹੀਨੇ ਦੇ ਆਖਿਰ 'ਚ 1੦੦ ਰੁਪਏ ਆਉਂਦੇ ਸਨ, ਉਸ ਨਾਲ ਦਸਵੰਧ ਰੱਖ ਲੈਂਦਾ ਸੀ। ਅੱਜ ਤੱਕ ਕਮਾਈ ਦਾ ਦਸਵੰਦ ਆਪਣੇ 'ਤੇ ਖਰਚ ਨਹੀਂ ਕੀਤਾ। ਗੋਲਡੀ ਦਾ ਕਹਿਣਾ ਹੈ, 'ਜਦ ਵੀ ਕੋਈ ਗ੍ਰਾਹਕ ਮੇਰੀ ਟੈਕਸੀ 'ਚ ਬੈਠਦਾ ਹੈ, ਸਭ ਤੋਂ ਪਹਿਲਾਂ ਉਹ ਜਿਸ ਤਰ੍ਹਾਂ ਘਰ 'ਚ ਮਹਿਮਾਨ ਆਉਂਦਾ ਹੈ, ਉਸ ਤਰ੍ਹਾਂ ਉਸ ਨੂੰ ਪਾਣੀ ਪੁੱਛਦਾ ਹੈ, ਉਸ ਤੋਂ ਬਾਅਦ ਉਸ ਨੂੰ ਬਾਕੀ ਚੀਜ਼ਾਂ ਬਾਰੇ ਪੁੱਛਦਾ ਹਾਂ। ਲੋਕਾਂ ਨੂੰ ਮੇਰਾ ਇਹ ਕੰਮ ਬਹੁਤ ਵੱਖਰਾ ਲੱਗਦਾ ਹੈ।' ਉਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਟੈਕਸੀ ਸ਼ਾਇਦ ਹੀ ਦਿੱਲੀ 'ਚ ਕਦੀ ਕੋਈ ਚਲਾਉਂਦਾ ਹੋਵੇਗਾ। ਲੋਕ ਤਾਰੀਫ਼ ਕਰਦੇ ਹਨ ਅਤੇ ਸੈਲਫ਼ੀਆਂ ਤੱਕ ਕਲਿੱਕ ਕਰਦੇ ਹਨ। ਇਸ ਨਾਲ ਹੱਲਾਸ਼ੇਰੀ ਮਿਲਦੀ ਹੈ ਲੋਕਾਂ ਲਈ ਕੁਝ ਕਰਨ ਦੀ।

0 Comments
0

You may also like