Binnu Dhillon Birthday : ਪੰਜਾਬੀ ਅਦਾਕਾਰ ਬਿਨੂੰ ਢਿੱਲੋਂ ਦਾ ਅੱਜ ਹੈ ਜਨਮਦਿਨ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ
Binnu Dhillon Birthday : ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਬਿਨੂੰ ਢਿੱਲੋ ਅੱਜ 29 ਅਗਸਤ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ਉੱਤੇ ਆਓ ਜਾਣਦੇ ਹਾਂ ਬਿਨੂੰ ਢਿੱਲੋ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ ਤੇ ਉਨ੍ਹਾਂ ਅਦਾਕਾਰੀ ਦੇ ਸਫਰ ਬਾਰੇ।
ਬਿਨੂੰ ਢਿੱਲੋਂ ਦਾ ਜਨਮ
ਬਿਨੂੰ ਢਿੱਲੋਂ ਦਾ ਜਨਮ 29 ਅਗਸਤ 1975 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਧੂਰੀ ਵਿਖੇ ਹੋਇਆ । ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਧੂਰੀ ਤੋਂ ਹਾਸਿਲ ਕੀਤੀ । ਬਿਨੂੰ ਢਿੱਲੋਂ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ ਜਿਸ ਦੇ ਚੱਲਦੇ ਉਨ੍ਹਾਂ ਨੇ ਥੀਏਟਰ ਐਂਡ ਟੈਲੀਵਿਜ਼ਨ ਦੀ ਮਾਸਟਰ ਡਿਗਰੀ ਸੰਨ 1994 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਸਿਲ ਕੀਤੀ।
ਬਿੰਨੂ ਢਿੱਲੋਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭੰਗੜਾ ਡਾਂਸਰ ਵਜੋਂ ਕੀਤੀ। ਅਦਾਕਾਰੀ ਖੇਤਰ ਵਿੱਚ ਆਉਣ ਤੋਂ ਪਹਿਲਾਂ ਬਿੰਨੂੰ ਨੂੰ ਭਾਰਤੀ ਮੇਲੇ ਵਿੱਚ ਜਰਮਨ ਅਤੇ ਯੂਕੇ ਵਿੱਚ ਪੇਸ਼ਕਾਰੀ ਕਰਨ ਦਾ ਮੌਕਾ ਵੀ ਮਿਲਿਆ। ਬਿੰਨੂ ਢਿੱਲੋਂ ਨੇ ਯੂਨੀਵਰਸਿਟੀ ਵਿੱਚ ਪੜ੍ਹਦੇ ਪੜ੍ਹਦੇ ਯੂਥ ਫੈਸਟਿਵਲ ਤੇ ਰੰਗਮੰਚ 'ਤੇ ਪੇਸ਼ ਕੀਤੇ ਜਾਣ ਵਾਲੇ ਨਾਟਕਾਂ ਵਿੱਚ ਹਿੱਸਾ ਲੈਣਾ ਵੀ ਸ਼ੁਰੂ ਕਰ ਦਿੱਤਾ ਸੀ ।
ਬਿੰਨੂ ਢਿੱਲੋਂ ਦੀ ਪੰਜਾਬੀ ਫਿਲਮਾਂ ਵਿੱਚ ਐਂਟਰੀ
ਬਿਨੂੰ ਢਿਲੋਂ ਦੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਸਾਲ 2002 ਵਿੱਚ ਫਿਲਮ 'ਸ਼ਹੀਦੇ ਆਜ਼ਮ' ਨਾਲ ਹੋਈ। ਉਸ ਤੋਂ ਬਾਅਦ ਬਿਨੂੰ ਢਿਲੋਂ ਨੇ ਸਾਲ 2012 ਵਿੱਚ ਗਿੱਪੀ ਗਰੇਵਾਲ ਨਾਲ ਫਿਲਮ 'ਕੈਰੀ ਆਨ ਜੱਟਾ' ਵਿੱਚ ਕੰਮ ਕੀਤਾ। ਇਹ ਫਿਲਮ ਬਿਨੂੰ ਢਿਲੋਂ ਦੇ ਕਰੀਅਰ ਦੀ ਸਭ ਤੋਂ ਖਾਸ ਫਿਲਮ ਹੈ, ਕਿਉਂਕਿ ਇਸ ਫਿਲਮ ਰਾਹੀਂ ਉਨ੍ਹਾਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੱਖਰੀ ਪਛਾਣ ਮਿਲੀ। ਇਸ ਫਿਲਮ ਮਗਰੋਂ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।
ਇਸ ਮਗਰੋਂ ਬਿਨੂੰ ਢਿੱਲੋਂ ਨੇ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ ਵਿੱਚ ਕਈ ਕਾਮੇਡੀ ਕਿਰਦਾਰ ਨਿਭਾਏ, ਜਿਨ੍ਹਾਂ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਬਿਨੂੰ ਢਿੱਲੋਂ ਨੇ ਕਈ ਸੁਪਰਹਿੱਟ ਪੰਜਾਬੀ ਫਿਲਮਾਂ ਕੀਤੀਆਂ ਹਨ। ਜਿਨ੍ਹਾਂ ਵਿੱਚ ਕੈਰੀ ਆਨ ਜੱਟਾ ਸਣੇ ਫੁੱਫੜ ਜੀ, ਜੁੱਟ ਪਰਦੇਸੀ, ਗੋਰੀਆਂ ਨੂੰ ਦਫਾ ਕਰੋ, ਮਿਸਟਰ ਐਂਡ ਮਿਸਿਜ਼ 420, ਵਧਾਈਆਂ ਜੀ ਵਧਾਈਆਂ, ਕੈਰੀ ਆਨ ਜੱਟਾ -2 ਅਤੇ ਕੈਰੀ ਆਨ ਜੱਟਾ -3 ਸਣੇ ਕਈ ਹੋਰਨਾਂ ਫਿਲਮਾਂ ਵੀ ਸ਼ਾਮਲ ਹਨ।
ਵਿਲੇਨ ਤੋਂ ਕਿੰਝ ਬਣੇ ਕਾਮੇਡੀਅਨ
ਕਾਮੇਡੀਅਨ ਬਣਨ ਬਾਰੇ ਗੱਲਬਾਤ ਕਰਦੇ ਹੋਏ ਆਪਣੇ ਇੱਕ ਇੰਟਰਵਿਊ ਦੇ ਵਿੱਚ ਬਿਨੂੰ ਢਿੱਲੋਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮਾਂ 'ਚ ਬਤੌਰ ਵਿਲੇਨ ਦੇ ਤੌਰ 'ਤੇ ਕੀਤੀ ਸੀ ਪਰ ਵਿਲੇਨ ਤੋਂ ਉਹ ਕਾਮੇਡੀ ਵਿਲੇਨ ਬਣ ਗਏ, ਲੋਕ ਉਸ ਦੀ ਕਾਮੇਡੀ ਨੂੰ ਪਸੰਦ ਕਰਨ ਲੱਗੇ ਅਤੇ ਫਿਰ ਪੂਰੀ ਤਰ੍ਹਾਂ ਨਾਲ ਉਹ ਕਾਮੇਡੀਅਨ ਬਣ ਗਿਆ। ਉਸ ਦੀ ਕਾਮੇਡੀ ਨੇ ਹੀ ਉਸ ਨੂੰ ਅਲੱਗ ਪਛਾਣ ਦਿੱਤੀ।
ਹੋਰ ਪੜ੍ਹੋ : ਮੈਦੇ ਤੋਂ ਬਣੀਆਂ ਚੀਜ਼ਾਂ ਖਾਣ ਨਾਲ ਸਿਹਤ ਨੂੰ ਹੋ ਸਕਦਾ ਹੈ ਭਾਰੀ ਨੁਕਸਾਨ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਫੈਨਜ਼ ਦੇ ਰਹੇ ਵਧਾਈ
ਅੱਜ ਬਿਨੂੰ ਢਿੱਲੋਂ ਦੇ ਜਨਮਦਿਨ ਦੇ ਮੌਕੇ ਉੱਤੇ ਉਨ੍ਹਾਂ ਦੇ ਫੈਨਜ਼ ਤੇ ਸਾਥੀ ਕਲਾਕਾਰ ਅਦਾਕਾਰ ਨੂੰ ਵਧਾਈਆਂ ਦੇ ਰਹੇ ਹਨ ਤੇ ਉਨ੍ਹਾਂ ਦੀ ਲੰਮੀ ਉਮਰ ਤੇ ਸਿਹਤਯਾਬ ਹੋਣ ਦੀ ਅਰਦਾਸ ਕਰ ਰਹੇ ਹਨ। ਬਿਨੂੰ ਢਿੱਲੋਂ ਜਲਦ ਹੀ ਆਪਣੇ ਨਵੇਂ ਪ੍ਰੋਜੈਕਟਸ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣਗੇ।
- PTC PUNJABI