ਇਤਫ਼ਾਕ ਜਾਂ ਖਾਸ ਕਨੈਕਸ਼ਨ! ਸਿੱਧੂ ਮੂਸੇਵਾਲਾ ਜਿਸ ਅਮਰੀਕੀ ਰੈਪਰ ਨੂੰ ਮੰਨਦਾ ਸੀ ਆਪਣਾ ਉਸਤਾਦ ਉਸੇ ਵਾਂਗ ਹੋਇਆ ਕਤਲ
Sidhu Moosewala and Tupac connection : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu MooseWala) ਦੀ ਅੱਜ ਦੂਜੀ ਬਰਸੀ ਹੈ। ਸਿੱਧੂ ਮੂਸੇਵਾਲਾ ਇੱਕ ਹਿੱਪ-ਹੌਪ ਕਲਾਕਾਰ ਸੀ। ਸਿੱਧੂ ਮੂਸੇਵਾਲਾ ਇੱਕ ਅਮਰੀਕੀ ਰੈਪਰ ਗਾਇਕ ਨੂੰ ਬਹੁਤ ਪਸੰਦ ਕਰਦੇ ਸੀ ਤੇ ਉਸ ਨੂੰ ਆਪਣਾ ਗੁਰੂ ਮੰਨਦਾ ਸੀ। ਸਿੱਧੂ ਮੂਸੇਵਾਲਾ ਉਸ ਵਾਂਗ ਹੀ ਬਨਣਾ ਚਾਹੁੰਦੇ ਸੀ। ਉਹ ਅਮਰੀਕੀ ਰੈਪਰ ਟੂਪੈਕ ਸ਼ਕੂਰ (Tupac Amaru shakur ) ਨੂੰ ਆਪਣਾ ਗੁਰੂ ਮੰਨਦੇ ਸੀ। ਉਹ ਉਸ ਵਾਂਗ ਰੈਪ ਗੀਤ ਬਣਾਉਂਦਾ ਸੀ। ਇਹ ਇੱਕ ਇਤਫ਼ਾਕ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਵੀ ਟੂਪੈਕ ਦੀ ਤਰ੍ਹਾਂ ਹੀ ਹੋਈ।
ਸਿੱਧੂ ਮੂਸੇਵਾਲਾ ਨੇ ਅਪਣਾਈ ਟੂਪੈਕ ਦੀ ਸੰਗੀਤ ਸ਼ੈਲੀ
ਦੱਸ ਦੇਈਏ ਕਿ ਮੂਸੇਵਾਲਾ ਦੀ ਸੰਗੀਤ ਸ਼ੈਲੀ ਗੈਂਗਸਟਾ ਹਿਪ-ਹੋਪ ਸੀ, ਜੋ ਕਿ ਟੂਪੈਕ ਦੀ ਸੰਗੀਤ ਸ਼ੈਲੀ ਵੀ ਸੀ। ਟੂਪੈਕ ਆਪਣੇ ਗੀਤਾਂ ਵਿੱਚ ਸਮਾਜਿਕ ਮੁੱਦਿਆਂ ਅਤੇ ਵਿਰੋਧੀਆਂ ਖਿਲਾਫ ਹਮਲਾਵਰ ਬੋਲਾਂ ਦਾ ਇਸਤੇਮਾਲ ਕਰਦਾ ਸੀ, ਸਾਲ 1996 ਵਿੱਚ ਟੂਪੈਕ ਦਾ ਕਤਲ ਅਮਰੀਕਾ ਵਿੱਚ ਹੋਇਆ ਸੀ। ਜਿਸ ਸਮੇਂ ਟੂਪੈਕ ਦਾ ਕਤਲ ਹੋਇਆ ਉਸ ਸਮੇਂ ਸਿੱਧੂ ਮੂਸੇਵਾਲਾ ਦੀ ਉਮਰ ਮਹਿਜ਼ ਤਿੰਨ ਸਾਲ ਸੀ। ਸਿੱਧੂ ਮੂਸੇਵਾਲਾ ਟੂਪੈਕ ਨੂੰ ਕਦੇ ਨਹੀਂ ਮਿਲਿਆ, ਪਰ ਉਸ ਦੇ ਗੀਤਾਂ ਦਾ ਹਮੇਸ਼ਾ ਮੂਸੇਵਾਲਾ 'ਤੇ ਪ੍ਰਭਾਵ ਰਿਹਾ।
ਟੂਪੈਕ ਦਾ ਜਨਮ
ਟੂਪੈਕ ਦਾ ਜਨਮ 16 ਜੂਨ 1971 ਨੂੰ ਨਿਊਯਾਰਕ, ਅਮਰੀਕਾ ਵਿੱਚ ਹੋਇਆ ਸੀ। ਟੂਪੈਕ ਦਾ ਜੀਵਨ ਅਤੇ ਸੰਗੀਤ ਕੈਰੀਅਰ ਹਮੇਸ਼ਾ ਵਿਵਾਦਪੂਰਨ ਰਿਹਾ ਹੈ। 13 ਸਤੰਬਰ, 1996 ਨੂੰ ਲਾਸ ਵੇਗਾਸ ਦੀ ਇੱਕ ਗਲੀ ਵਿੱਚ ਟੂਪੈਕ ਦੀ ਕਾਰ ਉੱਤੇ ਹਮਲਾ ਕੀਤਾ ਗਿਆ ਸੀ ਅਤੇ ਉਸ ਨੂੰ ਚਾਰ ਗੋਲੀਆਂ ਮਾਰੀਆਂ ਗਈਆਂ ਸਨ। ਜੇਕਰ ਸਿੱਧੂ ਮੂਸੇਵਾਲਾ ਦੀ ਗੱਲ ਕਰੀਏ ਤਾਂ ਉਸ ਦਾ ਵੀ ਵਿਵਾਦਾਂ ਨਾਲ ਗਹਿਰਾ ਰਿਸ਼ਤਾ ਰਿਹਾ ਹੈ।
ਸਿੱਧੂ ਮੂਸੇਵਾਲਾ ਵਾਂਗ ਹੋਇਆ ਸੀ ਟੂਪੈਕ ਦਾ ਵੀ ਕਤਲ
ਸਿੱਧੂ ਮੂਸੇਵਾਲਾ ਵਾਂਗ ਹੀ ਟੂਪੈਕ ਦੀ ਮੌਤ ਇੱਕ ਗੈਂਗਵਾਰ ਨਾਲ ਸਬੰਧਤ ਹੈ। ਉਸ ਨੂੰ ਗੈਂਗਸਟਾਰਾਂ ਨੇ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਮੌਤ ਦੇ ਸਮੇਂ ਟੂਪੈਕ ਮਹਿਜ਼ 25 ਸਾਲਾਂ ਦਾ ਸੀ। ਇਸ ਦੇ ਨਾਲ ਹੀ ਸਿੱਧੂ ਦਾ ਕਤਲ ਵੀ ਇਸੇ ਤਰ੍ਹਾਂ ਹੋਇਆ ਸੀ। ਹਮਲਾਵਰਾਂ ਨੇ ਸਿੱਧੂ ਦੀ ਕਾਰ 'ਤੇ ਹਮਲਾ ਕਰ ਦਿੱਤਾ ਅਤੇ ਤਿੰਨ ਗੋਲੀਆਂ ਲੱਗਣ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੇ ਹੀ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੀ ਮੌਤ ਦੇ ਸਮੇਂ ਉਮਰ ਮਹਿਜ਼ 28 ਸਾਲ ਸੀ।
ਦੋਹਾਂ ਕਲਾਕਾਰਾਂ ਨੂੰ ਆਪਣੀ ਮਾਂ ਨਾਲ ਸੀ ਬੇਹੱਦ ਪਿਆਰ
ਟੂਪੈਕ ਆਪਣੀ ਮਾਂ ਦੇ ਬਹੁਤ ਕਰੀਬ ਸੀ ਅਤੇ ਇਹੀ ਸਮਾਨਤਾ ਸਿੱਧੂ ਮੂਸੇਵਾਲਾ ਵਿੱਚ ਵੀ ਦੇਖਣ ਨੂੰ ਮਿਲਦੀ ਸੀ। ਸਿੱਧੂ ਮੂਸੇਵਾਲਾ ਵੀ ਆਪਣੀ ਮਾਂ ਦੇ ਬਹੁਤ ਕਰੀਬ ਸੀ। ਟੂਪੈਕ ਦੀ ਮਾਂ, ਅਫਨੀ ਸ਼ਕੂਰ, ਇੱਕ ਰਾਜਨੀਤਿਕ ਕਾਰਕੁਨ ਅਤੇ ਅਮਰੀਕੀ ਰਾਜਨੀਤਿਕ ਪਾਰਟੀ ਬਲੈਕ ਪੈਂਥਰ ਦੀ ਮੈਂਬਰ ਸੀ। ਇਸ ਦੇ ਨਾਲ ਹੀ ਸਿੱਧੂ ਦੀ ਮਾਤਾ ਚਰਨ ਕੌਰ ਨੇ ਦਸੰਬਰ 2018 ਵਿੱਚ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ਤੋਂ ਸਰਪੰਚ ਦੀ ਚੋਣ ਜਿੱਤੀ ਸੀ। ਉਨ੍ਹਾਂ ਪਿੰਡ ਦੀ ਮਨਜੀਤ ਕੌਰ ਨੂੰ 599 ਵੋਟਾਂ ਨਾਲ ਹਰਾਇਆ ਸੀ।ਸਿੱਧੂ ਮੂਸੇਵਾਲਾ ਨੇ ਵੀ ਪਿਛਲੇ ਸਾਲ ਦਸੰਬਰ ਵਿੱਚ ਸਿਆਸਤ 'ਚ ਕਦਮ ਰੱਖਿਆ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ 'ਤੇ ਇਨ੍ਹਾਂ ਪਾਲੀਵੁੱਡ ਸਿਤਾਰਿਆਂ ਦੀਆਂ ਅੱਖਾਂ ਹੋਈਆਂ ਨਮ, ਪੋਸਟ ਸਾਂਝੀ ਕਰ ਦਿੱਤੀ ਸ਼ਰਧਾਂਜਲੀ
ਸਿੱਧੂ ਮੂਸੇਵਾਲਾ ਨੇ ਆਖਰੀ ਗੀਤ ਰਾਹੀਂ ਟੂਪੈਕ ਸ਼ਕੂਰ ਨੂੰ ਦਿੱਤੀ ਸੀ ਸ਼ਰਧਾਂਜਲੀ
ਸਿੱਧੂ ਮੂਸੇਵਾਲਾ ਨੇ ਆਪਣੀ ਮੌਤ ਤੋਂ 2 ਹਫਤੇ ਪਹਿਲਾਂ ਗੀਤ 'ਦਿ ਲਾਸਟ ਰਾਈਡ' ਰਿਲੀਜ਼ ਕੀਤਾ ਸੀ। ਇਸ ਗੀਤ 'ਚ ਸਿੱਧੂ ਨੇ ਆਪਣੇ ਸੰਗੀਤ ਕਰੀਅਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਸੀ। ਉਨ੍ਹਾਂ ਨੇ ਇਸ ਗੀਤ 'ਚ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਉਮਰ ਤੋਂ ਦੁੱਗਣਾ ਸਟੇਟਸ ਬਣਾਇਆ ਹੈ। ਸਿੱਧੂ ਦੇ ਇਸ ਗੀਤ ਦੀ ਵੀਡੀਓ 'ਚ ਵੀ ਟੂਪੈਕ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ ਅਤੇ ਉਸ 'ਲੈਜੈਂਡ' ਦੱਸਿਆ ਗਿਆ ਹੈ। ਹਿਪ ਹੌਪ ਸੰਗੀਤ ਦੇ ਫੈਨਜ਼ ਅਕਸਰ ਹੀ ਸਿੱਧੂ ਮੂਸੇਵਾਲਾ ਦੀ ਟੂਪੈਕ ਨਾਲ ਤੁਲਨਾ ਕਰਦੇ ਹਨ। ਸਿੱਧੂ ਮੂਸੇਵਾਲਾ ਨੇ ਆਪਣੇ ਆਖਰੀ ਗੀਤ ਰਾਹੀਂ ਟੂਪੈਕ ਸ਼ਕੂਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ।
- PTC PUNJABI