Gurdas Maan:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਗਾਇਕ ਗੁਰਦਾਸ ਮਾਨ, ਤਸਵੀਰਾਂ ਹੋਇਆਂ ਵਾਇਰਲ
Gurdas Maan pay obeisance at Golden Temple: ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਅੱਜ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ 'ਚ ਨਤਮਸਤਕ ਹੋਣ ਪਹੁੰਚੇ। ਇੱਥੇ ਉਨ੍ਹਾਂ ਨੇ ਗੁਰੂ ਘਰ ਆਈਆਂ ਸੰਗਤਾਂ ਨਾਲ ਗੱਲਬਾਤ ਕੀਤੀ ਪਰ ਉਨ੍ਹਾਂ ਨੇ ਮੀਡੀਆਂ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ।
ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਗੁਰਦਾਸ ਮਾਨ ਅੱਜ ਅੰਮ੍ਰਿਤਸਰ 'ਚ ਜੀ 20 ਦੇ ਦੌਰਾਨ ਗੋਬਿੰਦਗੜ੍ਹ ਕਿਲ੍ਹੇ 'ਚ ਚੱਲ ਰਹੀ ਸੂਫੀ ਨਾਈਟ ਵਿੱਚ ਹਿੱਸਾ ਲੈਣ ਲਈ ਪਹੁਚੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ ਵਿਖੇ ਮੱਥਾ ਟੇਕਿਆ।
ਦੱਸ ਦਈਏ ਕਿ ਗੁਰਦਾਸ ਮਾਨ ਅੱਜ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇੱਥੇ ਉਨ੍ਹਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਗੁਰੂ ਕੀ ਇਲਾਹੀ ਬਾਣੀ ਦਾ ਸਰਵਣ ਵੀ ਕੀਤਾ।
ਗੁਰੂ ਘਰ ਪਹੁੰਚੇ ਮਾਨ ਸਾਹਿਬ ਇਸ ਦੌਰਾਨ ਬੇਹੱਦ ਸਾਧਾਰਨ ਲੁੱਕ ਵਿੱਚ ਨਜ਼ਰ ਆਏ, ਜਿਸ ਨੇ ਹਰ ਕਿਸੇ ਦਾ ਮਨ ਮੋਹ ਲਿਆ। ਗੁਰਦਾਸ ਮਾਨ ਨੇ ਆਪਣੇ ਸਿਰ 'ਤੇ ਕੇਸਰੀ ਰੰਗ ਦਸਤਾਰ ਸਜਾਈ ਹੋਈ ਸੀ ਅਤੇ ਉਹ ਬੇਹੱਦ ਪਿਆਰ ਤੇ ਨਿਮਰ ਭਾਵ ਨਾਲ ਸੰਗਤਾਂ ਨਾਲ ਮਿਲੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਫੈਨਜ਼ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆਏ।
ਦੱਸ ਦਈਏ ਕਿ ਹਾਲ ਹੀ ਵਿੱਚ ਦਾਦਾ ਬਨਣ ਮਗਰੋਂ ਗੁਰਦਾਸ ਮਾਨ ਪਹਿਲੀ ਵਾਰ ਗੁਰੂ ਨਗਰੀ ਪਹੁੰਚੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਦੱਸਣਯੋਗ ਹੈ ਕਿ ਗੁਰਦਾਸ ਮਾਨ ਨੂੰ ਪੰਜਾਬੀਆਂ ਦਾ ਮਾਣ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪੰਜਾਬੀ ਸੰਗੀਤ ਜਗਤ ਦੇ ਬਾਬਾ ਬੋਹੜ ਵੀ ਕਿਹਾ ਜਾਂਦਾ ਹੈ। ਬਹੁਤ ਜਲਦ ਗੁਰਦਾਸ ਮਾਨ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੇ ਸਰੋਤਿਆਂ ਲਈ ਨਵਾਂ ਗੀਤ ਲੈ ਕੇ ਆਉਣ ਵਾਲੇ ਹਨ। ਫੈਨਜ਼ ਗੀਤ 'ਕੀ ਬਣੂ ਦੁਨੀਆ ਦਾ' ਤੋਂ ਬਾਅਦ ਇੱਕ ਵਾਰ ਇਸ ਗਾਇਕ ਜੋੜੀ ਨੂੰ ਇੱਕਠੇ ਦੇਖਣ ਅਤੇ ਸੁਨਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
- PTC PUNJABI