ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਧੂਮਧਾਮ ਨਾਲ ਮਨਾਇਆ ਬੇਟੇ Hredaan ਦਾ ਜਨਮਦਿਨ, ਬਿੰਨੂ ਢਿੱਲੋਂ ਸਮੇਤ ਕਈ ਸਿਤਾਰੇ ਹੋਏ ਸ਼ਾਮਿਲ
ਪੰਜਾਬੀ ਅਦਾਕਾਰ ਤੇ ਗਾਇਕ ਯੁਵਰਾਜ ਹੰਸ (Yuvraj Hans)ਤੇ ਅਦਾਕਾਰਾ ਮਾਨਸੀ ਸ਼ਰਮਾ (Mansi Sharma)ਨੇ ਬੀਤੇ ਦਿਨ ਆਪਣੇ ਬੇਟੇ ਰਿਧਾਨ ਹੰਸ ਦਾ ਤੀਸਰਾ ਜਨਮਦਿਨ ਮਨਾਇਆ। ਜਨਮਦਿਨ ਦੇ ਇਸ ਜਸ਼ਨ ਵਿੱਚ ਬਿੰਨੂ ਢਿੱਲੋਂ, ਪ੍ਰਭ ਗਿੱਲ, ਬੱਬਲ ਰਾਏ, ਅਤੇ ਜੱਸੀ ਗਿੱਲ ਆਦਿ ਸਿਤਾਰੇ ਸ਼ਾਮਿਲ ਹੋਏ। ਦੱਸ ਦਈਏ ਕਿ ਮਾਨਸੀ ਸ਼ਰਮਾ ਦੂਜੀ ਵਾਰ ਮਾਂ ਬਣਨ ਵਾਲੀ ਹੈ।
ਆਪਣੀ ਗਾਇਕੀ ਤੇ ਅਦਾਕਾਰੀ ਲਈ ਲੱਖਾਂ ਪੰਜਾਬੀਆਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਚੁੱਕੇ ਯੁਵਰਾਜ ਹੰਸ ਨੇ ਹਾਲ ਹੀ ਆਪਣੇ ਬੇਟੇ ਦਾ ਜਨਮਦਿਨ ਬਹੁਤ ਹੀ ਸ਼ਾਨਦਾਰ ਅੰਦਾਜ਼ ਵਿੱਚ ਮਨਾਇਆ। ਜਨਮਦਿਨ ਦੇ ਜਸ਼ਨ ਤੋਂ ਬਾਅਦ ਪਾਰਟੀ ਵਿੱਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਸ਼ਾਨਦਾਰ ਪਾਰਟੀ ਵਿੱਚ ਫਿਲਮ ਉਦਯੋਗ ਦੇ ਕਈ ਦਿੱਗਜ ਮੌਜੂਦ ਰਹੇ। ਵਿਸ਼ੇਸ਼ ਮਹਿਮਾਨਾਂ ਵਿੱਚ ਪੰਜਾਬੀ ਅਦਾਕਾਰ ਬਿੰਨੂ ਢਿੱਲੋਂ ਵੀ ਸ਼ਾਮਿਲ ਸਨ।
ਪਾਰਟੀ ਵਿੱਚ ਮੌਜੂਦ ਹੋਰ ਮਹਿਮਾਨਾਂ ਦੀ ਗੱਲ ਕਰੀਏ ਤਾਂ ਇਸ ਪਾਰਟੀ ਵਿੱਚ ਪ੍ਰਭ ਗਿੱਲ, ਬੱਬਲ ਰਾਏ, ਅਤੇ ਜੱਸੀ ਗਿੱਲ ਵਰਗੀਆਂ ਪ੍ਰਸਿੱਧ ਹਸਤੀਆਂ ਵੀ ਸ਼ਾਮਲ ਸਨ। ਇਸ ਤੋਂ ਇਲਾਵਾ, ਮਰਹੂਮ ਪੰਜਾਬੀ ਗਾਇਕ ਸਾਬਰ ਕੋਟੀ ਦੇ ਸਪੁੱਤਰ ਵਿਲੀਅਮ ਕੋਟੀ ਵੀ ਯੁਵਰਾਜ ਹੰਸ ਦੇ ਬੇਟੇ ਦੀ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ।
ਪਾਰਟੀ ਦੇ ਮੇਜ਼ਬਾਨ ਯੁਵਰਾਜ ਹੰਸ ਦੇ ਨਾਲ ਪ੍ਰਭ ਗਿੱਲ, ਬੱਬਲ ਰਾਏ, ਅਤੇ ਜੱਸੀ ਗਿੱਲ ਡੀਜੇ ਉੱਤੇ ਨੱਚਦੇ ਤੇ ਮਸਤੀ ਕਰਦੇ ਵੀ ਦਿਖਾਈ ਦਿੱਤੇ। ਯੁਵਰਾਜ ਹੰਸ ਨੇ ਇਸ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਪੋਸਟ ਵੀ ਸ਼ੇਅਰ ਕੀਤੀ ਸੀ, ਜਿਸ ਵਿੱਚ ਪਾਰਟੀ ਦੀਆਂ ਕਈ ਫੋਟੋਆਂ ਸਾਂਝੀਆਂ ਕੀਤੀਆਂ ਗਈਆਂ ਸਨ। ਇਸ ਕੈਪਸ਼ਨ ਵਿੱਚ ਯੁਵਰਾਜ ਹੰਸ ਨੇ ਆਪਣੇ ਬੇਟੇ ਰਿਧਾਨ ਹੰਸ ਨੂੰ ਮਿਲੀਆਂ ਜਨਮ ਦਿਨ ਦੀਆਂ ਵਧਾਈਆਂ ਲਈ ਆਪਣੇ ਫੈਨਸ ਨੂੰ ਧੰਨਵਾਦ ਕੀਤਾ।
ਉੱਥੇ ਹੀ ਯੁਵਰਾਜ ਹੰਸ ਦੀ ਪਤਨੀ ਅਦਾਕਾਰਾ ਮਾਨਸੀ ਸ਼ਰਮਾ ਨੇ ਵੀ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਬੇਟੇ ਰਿਧਾਨ ਹੰਸ ਦੀਆਂ ਕਈ ਫੋਟੋਆਂ ਇੱਕ ਵੀਡੀਓ ਦੇ ਰੂਪ ਵਿੱਚ ਸ਼ੇਅਰ ਕੀਤੀਆਂ। ਵੀਡੀਓ ਕਾਫੀ ਇਮੋਸ਼ਨਲ ਕਰਨ ਵਾਲੀ ਸੀ ਤੇ ਲੋਕਾਂ ਨੂੰ ਇਸ ਨੂੰ ਰੱਜ ਕੇ ਸ਼ੇਅਰ ਤੇ ਲਾਈਕ ਕੀਤਾ ਹੈ। ਇਸ ਤੋਂ ਇਲਾਵਾ ਇੱਕ ਹੋਰ ਖੁਸ਼ਖਬਰੀ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੀ ਉਡੀਕ ਕਰ ਰਹੀ ਹੈ। ਕੁੱਝ ਸਮਾਂ ਪਹਿਲਾਂ ਹੀ ਜੋੜੇ ਨੇ ਇਹ ਅਨਾਊਂਸ ਕੀਤਾ ਸੀ ਕਿ ਮਾਨਸੀ ਸ਼ਰਮਾ ਦੁਬਾਰਾ ਮਾਂ ਬਣਨ ਵਾਲੀ ਹੈ। ਬੇਟੇ ਰਿਧਾਨ ਹੰਸ ਦੇ ਜਨਮਦਿਨ ਦੀ ਪਾਰਟੀ ਦੌਰਾਨ ਮਾਨਸੀ ਸ਼ਰਮਾ ਕਾਲੇ ਰੰਗ ਦੀ ਡਰੈੱਸ ਵਿੱਚ ਬੇਬੀ ਬੰਪ ਦਿਖਾਉਂਦੀ ਸਾਫ ਨਜ਼ਰ ਆਈ।
- PTC PUNJABI