ਸਰਦੂਲ ਸਿਕੰਦਰ ਦੀ ਦੂਜੀ ਬਰਸੀ ਦੇ ਮੌਕੇ ‘ਤੇ ਅਮਰ ਨੂਰੀ ਨੇ ਰਖਵਾਇਆ ਅਖੰਡ ਪਾਠ, ਯਾਦ ਕਰਕੇ ਹੋਈ ਭਾਵੁਕ
ਸਰਦੂਲ ਸਿਕੰਦਰ (Sardool Sikander) ਜੋ ਕਿ ਦੋ ਸਾਲ ਪਹਿਲਾਂ ਇਸ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਗਏ ਸਨ । ਉਨ੍ਹਾਂ ਦੀ ਦੂਜੀ ਬਰਸੀ ਦੇ ਮੌਕੇ ‘ਤੇ ਅਮਰ ਨੂਰੀ (Amar Noori) ਨੇ ਘਰ ‘ਚ ਅਖੰਡ ਪਾਠ ਰਖਵਾਇਆ । ਜਿਸ ਦਾ ਇੱਕ ਵੀਡੀਓ ਗਾਇਕਾ ਨੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਮਰਹੂਮ ਗਾਇਕ ਨੂੰ ਯਾਦ ਕਰਦੇ ਹੋਏ ਲਿਖਿਆ ਕਿ ‘ਸਰਦੂਲ ਜੀ ਦੀ ਮਿੱਠੀ ਯਾਦ ਮਨਾਈ। ਰੱਬ ਸੱਚਾ ਉਨ੍ਹਾਂ ਦੀ ਰੂਹ ਨੂੰ ਹਮੇਸ਼ਾ ਸਕੂਨ ‘ਚ ਰੱਖੇ’।
ਅਮਰ ਨੂਰੀ ਹਰ ਸਾਲ ਕਰਵਾਉਂਦੇ ਹਨ ਧਾਰਮਿਕ ਸਮਾਗਮ
ਅਮਰ ਨੂਰੀ ਹਰ ਸਾਲ ਸਵਰਗਵਾਸੀ ਸਰਦੂਲ ਸਿਕੰਦਰ ਦੀ ਯਾਦ ‘ਚ ਧਾਰਮਿਕ ਸਮਾਗਮ ਕਰਵਾਉਂਦੇ ਹਨ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਇਸ ਤੋਂ ਬਾਅਦ ਬਾਬਾ ਪਿਆਰਾ ਸਿੰਘ ਮਿੱਠੇ ਟਿਵਾਣੇ ਵਾਲਿਆਂ ਦੇ ਰਾਗੀ ਜੱਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ।
ਇਸ ਤੋਂ ਬਾਅਦ ਸਰਦੂਲ ਸਿਕੰਦਰ ਦੇ ਦੋਵਾਂ ਪੁੱਤਰਾਂ ਸਾਰੰਗ ਅਤੇ ਅਲਾਪ ਸਿਕੰਦਰ ਨੇ ਵੀ ਸ਼ਬਦ ਗਾਇਨ ਕਰਕੇ ਸੰਗਤਾਂ ‘ਚ ਹਾਜ਼ਰੀ ਲਵਾਈ ।
ਸਰਦੂਲ ਸਿਕੰਦਰ ਨੇ ਦਿੱਤੇ ਇੰਡਸਟਰੀ ਨੂੰ ਕਈ ਹਿੱਟ ਗੀਤ
ਸਰਦੂਲ ਸਿਕੰਦਰ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਸਨ। ਉਨ੍ਹਾਂ ਦੀ ਗਾਇਕੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ । ਉਹਨਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਅਮਰ ਨੂਰੀ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਇੱਕ ਸ਼ੋਅ ਦੇ ਦੌਰਾਨ ਹੀ ਹੋਈ ਸੀ । ਜਿਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫਰ ਬਨਾਉਣ ਦਾ ਫੈਸਲਾ ਕੀਤਾ ਸੀ ।
- PTC PUNJABI