ਅਸਲੀ ਪੰਜਾਬੀ ਸੰਗੀਤ ਨੂੰ ਬਣਾਉ ਦਿਲ ਦਾ ਮੀਤ

Written by  Gulshan Kumar   |  February 21st 2018 05:33 PM  |  Updated: February 26th 2018 07:41 AM

ਅਸਲੀ ਪੰਜਾਬੀ ਸੰਗੀਤ ਨੂੰ ਬਣਾਉ ਦਿਲ ਦਾ ਮੀਤ

ਗੁਰੂਆਂ, ਪੀਰਾਂ, ਰਾੰਝੇਆ ਦੀ ਧਰਤੀ ਪੰਜਾਬ, ਪੰਜਾਬ ਜਿਸਦੀ ਜ਼ਰਖੇਜ਼ ਮਿੱਟੀ ਉਗਲਦੀ ਹੈ ਸੋਨਾ | ਪੰਜਾਬ, ਜਿਸਦੇ ਮਿੱਠੇ ਪਾਣੀਆਂ ਚੋ ਪੈਦਾ ਹੁੰਦੀਆਂ ਨੇ ਮੁਹੱਬਤਾਂ | ਪੰਜਾਬ, ਜਿਸਦੀ ਹਰਿਆਲੀ ਤੇ ਖੁਸ਼ਹਾਲੀ ਵਿਚੋਂ ਜਨਮ ਲੈਂਦਾ ਹੈ ਰੂਹਾਂ ਨੂੰ ਸਕੂਨ ਦਿੰਦਾ ਸੰਗੀਤ | ਜਿਸ ਮਿੱਠੇ ਸੰਗੀਤ ਦੇ ਦਰਿਆਵਾਂ ਵਿਚ ਤਾਰੀਆਂ ਲਾਈਆਂ ਉਸਤਾਦ ਯਮਲੇ ਜੱਟ, ਆਸਾ ਸਿੰਘ ਮਸਤਾਨਾ, ਕੁਲਦੀਪ ਮਾਣਕ, ਸੁਰਿੰਦਰ ਕੌਰ, ਪਰਕਾਸ਼ ਕੌਰ, ਨਰਿੰਦਰ ਬੀਬਾ, ਗੁਰਮੀਤ ਬਾਵਾ ਵਰਗੇ ਬੇਸ਼ੁਮਾਰ ਲੋਕ ਗਾਇਕਾਂ ਨੇ ਤੇ ਜਿਥੇ ਸੂਫ਼ੀ ਰੰਗ ਦੀ ਤਾਨ ਛੇੜੀ ਪੂਰਨ ਸ਼ਾਹ ਕੋਟੀ, ਪੂਰਨ ਚੰਦ ਪਿਆਰੇ ਲਾਲ ਗੁਰੂ ਕੀ ਵਡਾਲੀ ਤੇ ਬਰਕਤ ਸਿਧੂ ਵਰਗੇ ਉਸਤਾਦ ਸੂਫ਼ੀ ਫ਼ਨਕਾਰਾਂ ਨੇ |

ਪੰਜਾਬੀ ਸੰਗੀਤ ਦੀ ਉਸੇ ਮਹਾਨ ਪ੍ਰੰਪਰਾ ਦੀ ਅੱਜ ਵੀ ਜੋਤ ਜਗਾਈ ਹੋਈ ਹੈ ਮਾਂ ਪੰਜਾਬੀ ਦੇ ਬਹੁਤ ਸਾਰੇ ਲਾਡਲੇ ਫ਼ਨਕਾਰਾਂ ਨੇ ਤੇ ਜਿਹਨਾਂ ਦੀ ਬਦੌਲ਼ਤ ਅੱਜ ਪੰਜਾਬੀ ਸੰਗੀਤ ਪੂਰੀ ਦੁਨੀਆਂ ਵਿੱਚ ਸੁਣਿਆ ਜਾਂਦਾ ਹੈ | ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ ਕਿ ਜਦੋਂ ਪੰਜਾਬੀਆਂ ਦਾ ਸਾਜ਼ ਢੋਲ ਵੱਜ ਰਿਹਾ ਹੋਵੇ ਤਾਂ ਉਸ ਉਤੇ ਅੰਗਰੇਜ, ਜਪਾਨੀ, ਚੀਨੀ, ਗੋਰੇ, ਕਾਲੇ ਸਾਰੇ ਹੀ ਝੂੰਮ ਉਠਦੇ ਨੇ | ਪਰ ਹੁਣ ਪੰਜਾਬੀ ਸੰਗੀਤ ਜਿੱਥੇ ਪੂਰੀ ਦੁਨੀਆਂ ਵਿੱਚ ਫ਼ੈਲਿਆ ਹੈ |

ਉਥੇ ਹੀ ਇਸ ਵਿਚ ਨਵੇਂ ਨਵੇਂ ਤਜੁਰਬੇ ਹੋਣ ਲੱਗ ਗਏ ਨੇ, ਅਸੀਂ ਵੈਸਟਰਨਾਈਜ਼ ਹੁੰਦੇ ਹੁੰਦੇ ਬਹੁਤ ਸਾਰੀਆਂ ਗੱਲਾਂ ਆਪਣੇ ਸੰਗੀਤ ਚੋਂ ਵਿਸਾਰ ਰਹੇ ਹਾਂ | ਅੱਜ ਕੱਲ ਗੱਲ ਕੁੜੀ ਤੋਂ ਸ਼ੁਰੂ ਹੋ ਕਿ ਨਸ਼ਿਆਂ, ਹਥਿਆਰਾਂ, ਫ਼ੋਕੀ ਟੌਰਬਾਜ਼ੀ ਤੇ ਖਤਮ ਹੋ ਜਾਂਦੀ ਹੈ | ਬੱਸ ਸਾਨੂੰ ਲੋੜ ਹੈ ਅਸਲੀ ਪੰਜਾਬੀ ਸੰਗੀਤ ਨੂੰ ਦੁਬਾਰਾ ਤੋਂ ਪਰਮੋਟ ਕਰਨ ਦੀ | ਜਿਸ ਲਈ ਸਾਨੂੰ ਆਪਣੇ ਗਾਣਿਆਂ ਚੋਂ ਗੁਰੇਜ਼ ਕਰਨਾ ਪਏਗਾ ਹਥਿਆਰਾਂ ਦਾ, ਨਸ਼ਿਆਂ ਦਾ, ਨੰਗ ਪੁਣੇ ਦਾ, ਤੇ ਭੈੜੀ ਸ਼ਬਦਾਬਲੀ ਦਾ | ਤਾਂ ਜੋ ਅਸੀਂ ਇਕ ਵਾਰੀ ਫ਼ੇਰ ਤੋਂ ਗਵਾਚਦੇ ਅਮੀਰ ਪੰਜਾਬੀ ਸੰਗੀਤ, ਸਭਿਆਚਾਰ ਨੂੰ ਮੁੜ ਪੈਰੀ ਕਰ ਸਕੀਏ | ਕਿਉਂਕਿ ਸਾਰੇ ਹੀ ਸਮਝਦਾਰ ਨੇ, ਸੋ ਜ਼ਿਆਦਾ ਕੁਛ ਨਾ ਕਹਿੰਦੇ ਹੋਏ ਆਉ ਅਸੀਂ ਅੱਜ ਤੋਂ ਹੀ ਕਸਮ ਖਾਈਏ ਕਿ ਅਸੀਂ ਚੰਗਾ ਲਿਖਾਂਗੇ, ਚੰਗਾ ਗਾਵਾਂਗੇ, ਚੰਗਾ ਸੁਣਾਂਗੇ ਤੇ ਪੰਜਾਬੀ ਮਾਂ ਬੋਲੀ ਦਾ ਮਾਣ ਬਣਾਂਗੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network