ਸੋਨਮ ਕਪੂਰ ਦੇ ਘਰ ਚੋਰੀ ਕਰਨ ਵਾਲਿਆਂ ਦਾ ਹੋਇਆ 'ਪਰਦਾਫਾਸ਼', ਨਰਸ ਨੇ ਕੀਤੀ ਸੀ 'ਚੋਰੀ'

written by Pushp Raj | April 13, 2022

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਦਿਲੀ ਸਥਿਤ ਘਰ ਵਿੱਚ ਕੁਝ ਦਿਨ ਪਹਿਲਾਂ ਕਰੋੜਾਂ ਰੁਪਏ ਦੇ ਗਹਿਣੇ ਤੇ ਨਗਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਜ਼ੁਰਮ ਨੂੰ ਅੰਜ਼ਾਮ ਦੇਣ ਵਾਲਿਆਂ ਦਾ ਪਰਦਾਫਾਸ਼ ਹੋ ਚੁੱਕਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸੋਨਮ ਦੇ ਘਰ ਕੰਮ ਕਰਨ ਵਾਲੀ ਨਰਸ ਨੂੰ ਉਸ ਦੇ ਪਤੀ ਸਣੇ ਗ੍ਰਿਫ਼ਤਾਰ ਕਰ ਲਿਆ ਹੈ।

 

ਜਾਣਕਾਰੀ ਮੁਤਾਬਕ ਚੋਰੀ ਕਰਨ ਵਾਲੀ ਨਰਸ ਸੋਨਮ ਦੀ ਨਾਨੀ ਸੱਸ ਦੀ ਦੇਖਰੇਖ ਕਰਨ ਲਈ ਉਨ੍ਹਾਂ ਦੇ ਨਾਲ ਰਹਿੰਦੀ ਸੀ। ਉਸ ਨੇ ਆਪਣੇ ਪਤੀ ਦੇ ਨਾਲ ਮਿਲ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਨੋ ਸੋਨਮ ਕਪੂਰ ਦੇ ਘਰ ਤੋਂ ਕੁੱਲ 2.4 ਕਰੋੜ ਰੁਪਏ ਦਾ ਕੀਮਤੀ ਸਮਾਨ ਤੇ ਗਹਿਣੇ ਚੋਰੀ ਕੀਤੇ ਸਨ। ਇਨ੍ਹਾਂ ਵਿੱਚ ਕੁਝ ਨਗਦੀ ਰਕਮ ਵੀ ਸ਼ਾਮਲ ਸੀ।

ਦੱਸ ਦਈਏ ਕਿ ਦਿੱਲੀ ਦੇ ਤੁਗਲਕ ਰੋਡ 'ਤੇ ਸਥਿਤ ਅੰਮ੍ਰਿਤਾ ਸ਼ੇਰਗਿੱਲ ਮਾਰਗ 'ਤੇ ਅਦਾਕਾਰਾ ਸੋਨਮ ਕਪੂਰ ਦਾ ਸਹੁਰਾ ਘਰ ਹੈ। ਇਸ ਘਰ 'ਚ ਉਸ ਦਾ ਸਹੁਰਾ ਹਰੀਸ਼ ਆਹੂਜਾ, ਸੱਸ ਪ੍ਰਿਆ ਆਹੂਜਾ ਅਤੇ ਦਾਦੀ ਸਰਲਾ ਆਹੂਜਾ ਰਹਿੰਦੇ ਹਨ।


ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਘਰ ਵਿੱਚ ਰੱਖੇ ਗਹਿਣੇ ਚੋਰੀ ਹੋ ਗਏ ਹਨ। ਇਹ ਸ਼ਿਕਾਇਤ ਸੋਨਮ ਕਪੂਰ ਦੀ ਸੱਸ ਨੇ ਤੁਗਲਕ ਰੋਡ ਥਾਣੇ 'ਚ ਦਰਜ ਕਰਵਾਈ ਹੈ। ਇਸ ਸ਼ਿਕਾਇਤ ਵਿੱਚ ਉਸ ਨੇ ਦੱਸਿਆ ਸੀ ਕਿ ਘਰ ਵਿੱਚ ਉਸ ਦੇ ਗਹਿਣੇ ਰੱਖੇ ਹੋਏ ਸਨ ਜੋ ਗਾਇਬ ਹੋ ਗਏ ਹਨ। ਇਸ ਤੋਂ ਇਲਾਵਾ ਨਕਦੀ ਵੀ ਚੋਰੀ ਹੋ ਗਈ ਹੈ। ਚੋਰੀ ਹੋਏ ਸਾਰੇ ਸਮਾਨ ਦੀ ਕੁੱਲ ਕੀਮਤ 2.41 ਕਰੋੜ ਰੁਪਏ ਦੱਸੀ ਗਈ ਹੈ।

ਉਸ ਨੇ ਪੁਲੀਸ ਨੂੰ ਦੱਸਿਆ ਕਿ ਉਹ ਇਨ੍ਹਾਂ ਗਹਿਣਿਆਂ ਦੀ ਵਰਤੋਂ ਕਦੇ-ਕਦਾਈਂ ਹੀ ਕਰਦੀ ਸੀ। ਉਸ ਨੇ ਇਹ ਗਹਿਣੇ ਡੇਢ ਤੋਂ ਦੋ ਸਾਲ ਪਹਿਲਾਂ ਆਖਰੀ ਵਾਰ ਦੇਖੇ ਸਨ। ਫਰਵਰੀ ਦੇ ਮਹੀਨੇ ਜਦੋਂ ਉਸ ਨੇ ਗਹਿਣੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਉਹ ਗਾਇਬ ਸਨ। ਪਹਿਲਾਂ ਤਾਂ ਉਸ ਨੇ ਆਪਣੇ ਪੱਧਰ 'ਤੇ ਗਹਿਣੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕੁਝ ਨਾ ਮਿਲਿਆ ਤਾਂ ਪੂਰੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।

 

ਇਸ ਸਬੰਧੀ ਥਾਣਾ ਤੁਗਲਕ ਰੋਡ ਦੀ ਪੁਲੀਸ ਨੇ ਕੇਸ ਦਰਜ ਕਰਕੇ ਘਰ ਵਿੱਚ ਕੰਮ ਕਰਦੇ ਸਾਰੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਸੀ। ਇਸ ਸ਼ਿਕਾਇਤ ਤੋਂ ਸਾਫ਼ ਹੋ ਗਿਆ ਸੀ ਕਿ ਘਰ ਦੇ ਅੰਦਰ ਹੀ ਕਿਸੇ ਨੇ ਚੋਰੀ ਨੂੰ ਅੰਜਾਮ ਦਿੱਤਾ ਹੈ।

ਹੋਰ ਪੜ੍ਹੋ : ਅਦਾਕਾਰਾ ਸੋਨਮ ਕਪੂਰ ਦੇ ਘਰ ਹੋਈ ਚੋਰੀ, 1.41ਕਰੋੜ ਦੇ ਗਹਿਣੇ ਤੇ ਨਗਦੀ ਲੈ ਫਰਾਰ ਹੋਏ ਚੋਰ

ਪੁੱਛਗਿੱਛ ਦੌਰਾਨ ਪੁਲਿਸ ਨੂੰ ਸੋਨਮ ਦੀ ਸੱਸ ਦੀ ਦੇਖ-ਭਾਲ ਕਰਨ ਵਾਲੀ ਅਪਰਨਾ ਰੂਥ ਵਿਲਸਨ 'ਤੇ ਸ਼ੱਕ ਹੋਇਆ। ਉਹ ਇੱਕ ਨਰਸ ਹੈ। ਪੁਲਸ ਟੀਮ ਨੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਚੋਰੀ ਦੀ ਗੱਲ ਕਬੂਲ ਕਰ ਲਈ। ਉਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਸਦਾ ਪਤੀ ਨਰੇਸ਼ ਕੁਮਾਰ ਸਾਗਰ ਵੀ ਸ਼ਾਮਲ ਹੈ। ਉਹ ਸ਼ਕਰਪੁਰ ਸਥਿਤ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ। ਇਸ ਸੂਚਨਾ 'ਤੇ ਪੁਲਸ ਟੀਮ ਨੇ ਨਰੇਸ਼ ਨੂੰ ਵੀ ਗ੍ਰਿਫਤਾਰ ਕਰ ਲਿਆ। ਪੁਲੀਸ ਵੱਲੋਂ ਇਨ੍ਹਾਂ ਕੋਲੋਂ ਚੋਰੀ ਦਾ ਸਾਮਾਨ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

You may also like