
ਜਵਾਹਰਕੇ ਪਿੰਡ 'ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ‘ਚ ਸ੍ਰੀ ਅਖੰਡ ਸਾਹਿਬ ਜੀ ਦਾ ਪਾਠ ਰੱਖਵਾਇਆ ਗਿਆ ਸੀ। ਜਿਸ ਦਾ ਅੱਜ ਭੋਗ ਪਾਇਆ ਗਿਆ। ਜਿਸ ਚ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਹੋਏ ਸਨ। ਇਸ ਮੌਕੇ ਤੇ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੱਧੂ ਵੀ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ।

ਦਰਅਸਲ ਪਿੰਡ ਜਵਾਹਰਕੇ ਵਿਖੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਸੋਸ਼ਲ ਮੀਡੀਆ ਉਪਰ ਹੁੰਦੀਆਂ ਗੱਲਾਂ ਉੱਤੇ ਵਿਸ਼ਵਾਸ਼ ਨਾ ਕਰਿਓ ਕਰੋ। ਉਨ੍ਹਾਂ ਕਿਹਾ ਕਿ ਅੱਜ ਸੋਸ਼ਲ ਮੀਡੀਆ ਤਰ੍ਹਾਂ-ਤਰ੍ਹਾਂ ਦੀਆਂ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਨ੍ਹਾਂ ਉੱਤੇ ਯਕੀਨ ਨਾ ਕਰੋ।

ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਜ਼ਮੀਨ ਦੇ ਨਾਲ ਜੁੜਿਆ ਹੋਇਆ ਸੀ। ਉਹ ਕਰੋੜਾਂ ਰੁਪਏ ਕਮਾਉਂਦਾ ਸੀ ਪਰ ਫਿਰ ਵੀ ਉਹ ਆਪਣੇ ਖੇਤਾਂ ‘ਚ ਕੰਮ ਕਰਦਾ ਸੀ। ਕਿਉਂਕਿ ਉਨ੍ਹਾਂ ਨੂੰ ਆਪਣੇ ਪਿਤਾ ਪੁਰਖੀ ਕੰਮ ਨਾਲ ਪਿਆਰ ਸੀ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਵੀ ਮੁਲਾਜ਼ਮ ਸਨ। ਪਰ ਫਿਰ ਵੀ ਉਨ੍ਹਾਂ ਨੂੰ ਖੇਤਾਂ 'ਚ ਕੰਮ ਕਰਨਾ ਪਸੰਦ ਸੀ। ਉਨ੍ਹਾਂ ਨੂੰ ਮਿੱਟੀ ਦੇ ਨਾਲ ਮਿੱਟੀ ਹੋਣ ਸਿਖਾਇਆ ਗਿਆ ਸੀ। ਜਿਸ ਕਰਕੇ ਸਿੱਧੂ ਮੂਸੇਵਾਲਾ ਦੇ ਅੰਦਰ ਵੀ ਆਪਣੇ ਪਿਤਾ ਪੁਰਖੀ ਕੰਮ ਦੇ ਨਾਲ ਪਿਆਰ ਤੇ ਸਤਿਕਾਰ ਸੀ। ਜਿਸ ਕਰਕੇ ਸਿੱਧੂ ਮੂਸੇਵਾਲਾ ਨੂੰ ਟਰੈਕਟਰਾਂ ਦਾ ਸ਼ੌਕ ਸੀ।

ਬਲਕੌਰ ਸਿੱਧੂ ਨੇ ਕਿਹਾ ਸਿੱਧੂ ਮੂਸੇਵਾਲਾ ਨੇ ਆਪਣੇ ਗੀਤਾਂ ਦੇ ਰਾਹੀਂ ਨੌਜਵਾਨਾਂ ਨੂੰ ਮਾਪਿਆਂ ਦੇ ਨਾਲ ਜੋੜਿਆ। ਉਨ੍ਹਾਂ ਨੂੰ ਸੇਧ ਦਿੱਤੀ ਕਿ ਮਾਪਿਆਂ ਤੋਂ ਖ਼ਾਸ ਕੋਈ ਹੋਰ ਨਹੀਂ ਹੋ ਸਕਦਾ ਹੈ। ਉਸ ਨੇ ਬਾਪੂ ਗੀਤ ਰਾਹੀਂ ਇੱਕ ਪਿਤਾ ਵੱਲੋਂ ਆਪਣੇ ਜਵਾਕਾਂ ਲਈ ਕੀਤੀਆਂ ਜਾਂਦੀਆਂ ਕੁਰਬਾਨੀਆਂ ਨੂੰ ਬਿਆਨ ਕੀਤਾ। ਮਾਂ ਗੀਤ ਦੇ ਰਾਹੀਂ ਉਸ ਨੇ ਆਪਣੀ ਮਾਂ ਨੂੰ ਸਤਿਕਾਰ ਦਿੱਤਾ। ਇਨ੍ਹਾਂ ਦੋਵਾਂ ਹੀ ਗੀਤਾਂ ਦੇ ਨਾਲ ਨੌਜਵਾਨਾਂ ਨੇ ਆਪਣੇ ਮਾਪਿਆਂ ਦੇ ਨਾਲ ਰੀਲਾਂ ਬਣਾਈਆਂ। ਸਿੱਧੂ ਦੇ ਗੀਤ ਅਣਖੀ ਹੁੰਦੇ ਸੀ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਿੱਧੂ ਨੇ ਪੱਟ ਦੀ ਥਾਪੀ ਨੂੰ ਬਰੈਂਡ ਬਣਾ ਦਿੱਤਾ ਹੈ। ਹੁਣ ਸੋਸ਼ਲ ਮੀਡੀਆ ਉੱਤੇ ਥਾਪੀ ਵਾਲੀਆਂ ਵੀਡੀਓਜ਼ ਟਰੈਂਡ ਹੁੰਦੀਆਂ ਹਨ। ਇਸ ਤਰ੍ਹਾਂ ਬਲਕੌਰ ਸਿੰਘ ਸਿੱਧੂ ਨੇ ਆਪਣੇ ਪੁੱਤਰ ਬਾਰੇ ਖ਼ਾਸ ਗੱਲਾਂ ਲੋਕਾਂ ਦੇ ਨਾਲ ਸਾਂਝੀਆਂ ਕੀਤੀਆਂ।