
ਸਾਊਥ ਸਿਨੇਮਾ ਦੇ ਮਸ਼ਹੂਰ ਕਾਮੇਡੀਅਨ ਵੇਣੂ ਮਾਧਵ ਦਾ ਦਿਹਾਂਤ ਹੋ ਗਿਆ ਹੈ। ਲੋਕਲ ਮੀਡੀਆ ਦੀ ਰਿਪੋਰਟ ਦੇ ਮੁਤਾਬਿਕ ਵੇਣੂ ਨੇ ਅੱਜ ਦੁਪਹਿਰ 12.20 'ਤੇ ਅੰਤਿਮ ਸਾਹ ਲਏ। ਉਹਨਾਂ ਦੇ ਪਰਿਵਾਰ ਅਤੇ ਡਾਕਟਰਾਂ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵੱਲੋਂ ਵੇਣੂ ਮਾਧਵ ਨੂੰ ਸਰਧਾਂਜਲੀ ਦਿੱਤੀ ਜਾ ਰਹੀ ਹੈ।
ਦੱਸ ਦਈਏ ਵੇਣੂ ਨੂੰ ਸਿਕੰਦਰਾਬਾਦ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਲਾਈਫ ਸਪਾਟ ਸਿਸਟਮ 'ਤੇ ਰੱਖਿਆ ਗਿਆ ਸੀ। ਡਾਕਟਰਾਂ ਦੀਆਂ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਕਾਮੇਡੀਅਨ ਨੂੰ ਬਚਾਇਆ ਨਹੀਂ ਜਾ ਸਕਿਆ।

ਮਾਧਵ ਲੰਬੇ ਸਮੇਂ ਤੋਂ ਲੀਵਰ ਅਤੇ ਕਿਡਨੀ ਦੀ ਸੱਮਸਿਆ ਨਾਲ ਜੂਝ ਰਹੇ ਸਨ। ਏਥੇ ਇਹ ਵੀ ਦੱਸ ਦਈਏ ਉਹਨਾਂ ਦੀ ਉਮਰ ਮਹਿਜ਼ 39 ਸਾਲ ਦੀ ਸੀ। 17 ਸਤੰਬਰ ਨੂੰ ਜ਼ਿਆਦਾ ਬਿਮਾਰ ਹੋਣ ਦੇ ਚਲਦਿਆਂ ਉਹਨਾਂ ਹਸਪਤਾਲ 'ਚ ਲਿਆਂਦਾ ਗਿਆ ਸੀ ਪਰ ਬਾਅਦ 'ਚ ਡਾਕਟਰਾਂ ਨੇ ਮਾਧਵ ਨੂੰ ਛੁੱਟੀ ਦੇ ਦਿੱਤੀ ਸੀ।ਮੰਗਲਵਾਰ ਦੇ ਦਿਨ ਮਾਧਵ ਦੀ ਹਾਲਤ ਜ਼ਿਆਦਾ ਗੰਭੀਰ ਹੋ ਗਈ ਤਾਂ ਉਹਨਾਂ ਨੂੰ ਮੁੜ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਵੱਲੋਂ ਲੀਵਰ ਟਰਾਂਸਪਲਾਂਟ ਕਰਨ ਦੀ ਗੱਲ ਕਹੀ ਗਈ ਸੀ ਪਰ ਹੁਣ ਉਹਨਾਂ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ ਹੈ।

ਵੇਣੂ ਮਾਧਵ ਦੀ ਆਖਰੀ ਫ਼ਿਲਮ Dr.Paramanandaiah Students ਸੀ ਜਿਹੜੀ 2016 'ਚ ਸ਼ੂਟ ਹੋਈ ਹੈ ਪਰ ਹਾਲੇ ਰਿਲੀਜ਼ ਨਹੀਂ ਹੋਈ ਹੈ।ਉਹਨਾਂ ਤਾਮਿਲ ਅਤੇ ਤੇਲਗੂ 'ਚ ਲੱਗਭਗ 200 ਫ਼ਿਲਮਾਂ 'ਚ ਕੰਮ ਕੀਤਾ ਹੈ।