Birthday Special: Arun Govil ਇੱਕ ਅਜਿਹੇ ਕਲਾਕਾਰ ਜਿਨ੍ਹਾਂ ਦੀ ਲੋਕ ਕਰਦੇ ਸਨ ਪੂਜਾ

written by Pushp Raj | January 12, 2022

ਟੀਵੀ ਦੇ ਮਸ਼ਹੂਰ ਅਦਾਕਾਰ ਅਰੂਣ ਗੋਵਿਲ ਦਾ ਅੱਜ ਜਨਮਦਿਨ ਹੈ। ਅਰੂਣ ਗੋਵਿਲ ਟੀਵੀ ਦੇ ਇੱਕ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੂੰ ਲੋਕ ਭਗਵਾਨ ਵਾਂਗ ਪੂਜਦੇ ਸਨ।

ਅਰੂਣ ਗੋਵਿਲ ਅੱਜ ਆਪਣਾ 64ਵਾਂ ਜਨਮਦਿਨ ਮਨਾ ਰਹੇ ਹਨ। ਅਰੂਣ ਦਾ ਜਨਮ 12 ਜਨਵਰੀ 1958 'ਚ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਹੋਇਆ ਸੀ। ਉਨ੍ਹਾਂ ਨੇ ਮੇਰਠ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। 17 ਸਾਲ ਦੀ ਉਮਰ 'ਚ ਬਿਜ਼ਨਸ ਦੇ ਸਿਲਸਿਲੇ ਵਿੱਚ ਮੁੰਬਈ ਆ ਗਏ। ਇਥੇ ਆ ਕੇ ਉਨ੍ਹਾਂ ਦੇ ਮਨ ਵਿੱਚ ਅਦਾਕਾਰ ਬਣਨ ਦਾ ਖ਼ਿਆਲ ਆਇਆ ਅਤੇ ਉਹ ਅਦਾਕਾਰ ਬਣੇ। ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਨੇ ਬਤੌਰ ਹੀਰੋ ਫਿਲਮਾਂ ਵਿੱਚ ਕੰਮ ਕੀਤਾ।

ਉਨ੍ਹਾਂ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ 1977 ਵਿੱਚ ਆਈ ਫਿਲਮ ਪਹੇਲੀ ਨਾਲ ਕੀਤੀ ਸੀ। ਅਰੂਣ ਗੋਵਿਲ ਨੂੰ ਟੀਵੀ ਜਗਤ ਦੇ ਧਾਰਮਿਕ ਸ਼ੋਅ ਰਾਮਾਇਣ ਤੋਂ ਪ੍ਰਸਿੱਧੀ ਮਿਲੀ। ਇਸ ਰੋਲ ਨੂੰ ਕਰਨ ਤੋਂ ਬਾਅਦ ਉਹ ਪੂਰੀ ਤਰ੍ਹਾਂ ਬਦਲ ਗਏ।

ਰਾਜਸ਼੍ਰੀ ਪ੍ਰੋਡਕਸ਼ਨ ਹਾਊਸ ਨੇ ਅਰੂਣ ਗੋਵਿਲ ਨੂੰ ਪਹਿਲੀ ਵਾਰ 'ਸਾਵਨ ਕੋ ਆਨੇ ਦੋ' ਵਿੱਚ ਬ੍ਰੇਕ ਦਿੱਤਾ ਸੀ। ਇਹ ਫ਼ਿਲਮ ਬਹੁਤ ਹਿੱਟ ਰਹੀ। ਉਨ੍ਹਾਂ ਨੂੰ ਟੀਵੀ ਸ਼ੋਅ ਵਿਕਰਮ ਤੇ ਬੇਤਾਲ ਵਿੱਚ ਕੰਮ ਮਿਲਿਆ। ਇਸ 'ਚ ਉਨ੍ਹਾਂ ਨੇ ਰਾਜਾ ਵਿਕਰਮਾਦਿੱਤਿਆ ਦਾ ਕਿਰਦਾਰ ਨਿਭਾਇਆ। ਇਸ ਸ਼ੋਅ ਤੋਂ ਉਨ੍ਹਾਂ ਨੂੰ ਕਾਮਯਾਬੀ ਮਿਲੀ। ਇਹ ਸੀਰੀਅਲ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਇਆ ਸੀ।


ਇਸ ਤੋਂ ਬਾਅਦ ਜਦੋਂ ਰਾਮਾਨੰਦ ਸਾਗਰ ਨੇ ਧਾਰਮਿਕ ਟੀਵੀ ਸ਼ੋਅ ਰਾਮਾਇਣ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਅਰੂਣ ਨੂੰ ਭਗਵਾਨ ਰਾਮ ਦੇ ਕਿਰਦਾਰ ਲਈ ਚੁੱਣਿਆ। ਭਗਵਾਨ ਰਾਮ ਦੇ ਇਸ ਅਮਰ ਕਿਰਦਾਰ ਕਾਰਨ ਅਰੂਣ ਗੋਵਿਲ ਨੂੰ ਦੇਸ਼ ਦੇ ਘਰ-ਘਰ ਵਿੱਚ ਵੱਖਰੀ ਪਛਾਣ ਮਿਲੀ।

ਅਰੂਣ ਗੋਵਿਲ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਉਹ ਇੱਕ ਚੇਨ ਸਮੋਕਰ ਸਨ, ਪਰ ਭਗਵਾਨ ਰਾਮ ਦਾ ਕਿਰਦਾਰ ਅਦਾ ਕਰਨ ਲਈ ਉਨ੍ਹਾਂ ਨੂੰ ਸਿਗਰਟ ਛੱਡਣੀ ਪਈ, ਕਿਉਂਕਿ ਇੱਕ ਵਾਰ ਉਹ ਸਾਊਥ ਵਿੱਚ ਰਾਮਾਇਣ ਦੀ ਸ਼ੂਟਿੰਗ ਕਰ ਰਹੇ ਸੀ, ਬ੍ਰੇਕ ਦੇ ਦੌਰਾਨ ਜਦ ਉਹ ਸਿਗਰੇਟ ਪੀ ਰਹੇ ਸੀ ਤਾਂ ਇੱਕ ਵਿਅਕਤੀ ਨੇ ਆ ਕੇ ਉਨ੍ਹਾਂ ਨੂੰ ਬੂਰਾ ਭਲਾ ਕਿਹਾ ਅਤੇ ਕਿਹਾ ਕਿ ਲੋਕ ਉਨ੍ਹਾਂ ਨੂੰ ਭਗਵਾਨ ਮੰਨਦੇ ਹਨ ਤੇ ਉਹ ਸਿਗਰਟ ਪੀ ਰਹੇ ਹਨ। ਉਨ੍ਹਾਂ ਨੂੰ ਇੰਝ ਨਹੀਂ ਕਰਨਾ ਚਾਹੀਦਾ ਹੈ। ਉਸ ਦਿਨ ਤੋਂ ਬਾਅਦ ਉਨ੍ਹਾਂ ਨੇ ਸਿਗਰਟ ਪੀਣੀ ਛੱਡ ਦਿੱਤੀ।

ਹੋਰ ਪੜ੍ਹੋ: ਸਾਈਨਾ ਨੇਹਵਾਲ 'ਤੇ ਟਿੱਪਣੀ ਕਰਨ ਨੂੰ ਲੈ ਕੇ ਸਿਧਾਰਥ ਨੇ ਮੰਗੀ ਮੁਆਫੀ , ਕਿਹਾ ਤੁਸੀਂ ਹਮੇਸ਼ਾ ਮੇਰੀ ਚੈਂਪੀਅਨ ਰਹੋਗੇ
ਰਾਮ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਅਰੂਣ ਗੋਵਿਲ ਦੀ ਜ਼ਿੰਦਗੀ ਬਦਲ ਗਈ। ਜਦੋਂ ਲੋਕ ਅਰੁਣ ਨੂੰ ਜਨਤਕ ਥਾਵਾਂ 'ਤੇ ਦੇਖਦੇ ਸਨ, ਤਾਂ ਉਹ ਉਨ੍ਹਾਂ ਦੇ ਪੈਰ ਛੂਹ ਕੇ ਉਨ੍ਹਾਂ ਤੋਂ ਆਸ਼ੀਰਵਾਦ ਮੰਗਦੇ ਸਨ। ਲੋਕ ਉਨ੍ਹਾਂ ਦੀ ਤਸਵੀਰ ਅੱਗੇ ਧੂਪ ਬਾਲ ਕੇ ਪੂਜਾ ਕਰਦੇ ਸਨ। ਜਦੋਂ ਅਰੂਣ ਆਪਣੇ ਪਰਿਵਾਰ ਨਾਲ ਸੈਰ ਕਰਨ ਜਾਂਦੇ ਸੀ ਤਾਂ ਉੱਥੇ ਵੀ ਲੋਕ ਉਨ੍ਹਾਂ ਦੇ ਪਿੱਛੇ- ਪਿੱਛੇ ਪਹੁੰਚ ਜਾਂਦੇ ਸਨ । ਲੋਕ ਆਪਣੇ ਬਿਮਾਰ ਬੱਚਿਆਂ ਨੂੰ ਡਾਕਟਰ ਕੋਲ ਲੈ ਕੇ ਜਾਣ ਦੀ ਬਜਾਏ ਉਨ੍ਹਾਂ ਕੋਲ ਲੈ ਕੇ ਆਉਂਦੇ ਸਨ।

ਰਾਮਾਇਣ ਤੋਂ ਇਲਾਵਾ ਅਰੂਣ ਨੇ 'ਇਤਨੀ ਸੀ ਬਾਤ' 'ਟ੍ਰੀਬਿਊਟ' 'ਜੀਓ ਤੋ ਐਸੇ ਜੀਓ' 'ਸਾਵਨ ਕੋ ਆਨੇ ਦੋ' ਵਰਗੀਆਂ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ। ਰਾਮ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦੇ ਦਿਲਾਂ 'ਚ ਵੱਸਣ ਵਾਲੇ ਅਰੂਣ ਨੇ ਹੁਣ ਅਦਾਕਾਰੀ ਤੋਂ ਦੂਰੀ ਬਣਾ ਲਈ ਹੈ। ਹਾਲਾਂਕਿ ਉਹ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ।

You may also like