A.K. Hangal Birthday Special : ਜਾਣੋ ਸ਼ੋਲੇ ਫ਼ਿਲਮ ਦੇ ਰਹੀਮ ਚਾਚਾ ਦੀ ਅਸਲ ਜ਼ਿੰਦਗੀ ਦੀ ਕਹਾਣੀ, 98 ਸਾਲ ਦੀ ਉਮਰ ਤੱਕ ਕੀਤਾ ਕੰਮ

written by Pushp Raj | February 01, 2022

ਬਾਲੀਵੁੱਡ ਅਦਾਕਾਰ ਅਤੇ ਸ਼ੋਲੇ ਰਹੀਮ ਚਾਚਾ ਦੇ ਨਾਂ ਨਾਲ ਮਸ਼ਹੂਰ ਏ.ਕੇ. ਹੰਗਲ ਦੀ ਅੱਜ 108ਵੀਂ ਜਯੰਤੀ ਹੈ। ਏ.ਕੇ. ਹੰਗਲ ਦਾ ਪੂਰਾ ਨਾਮ ਅਵਤਾਰ ਕਿਸ਼ਨ ਹੰਗਲ ਸੀ, ਅਤੇ ਉਹ 1 ਫਰਵਰੀ 1914 ਨੂੰ ਸਿਆਲਕੋਟ, ਜੋ ਹੁਣ ਪਾਕਿਸਤਾਨ ਵਿੱਚ ਹੈ, ਵਿਖੇ ਪੈਦਾ ਹੋਏ ਸੀ। ਆਓ ਉਨ੍ਹਾਂ ਦੇ ਜਨਮਦਿਨ ਦੇ ਮੌਕੇ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਖ਼ਾਸ ਗੱਲਾਂ।

ਏ.ਕੇ. ਹੰਗਲ ਇੱਕ ਦਿੱਗਜ਼ ਕਲਾਕਾਰ ਸਨ ਤੇ ਉਨ੍ਹਾਂ ਨੇ 98 ਸਾਲ ਦੀ ਉਮਰ ਤੱਕ ਟੀਵੀ ਤੇ ਫ਼ਿਲਮਾਂ ਵਿੱਚ ਕੰਮ ਕੀਤਾ।ਏ.ਕੇ. ਹੰਗਲ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਉਹ ਇੱਕ ਚੰਗੇ ਅਦਾਕਾਰ ਹੋਣ ਦੇ ਨਾਲ ਇੱਕ ਆਜ਼ਾਦੀ ਘੁਲਾਟੀਏ ਵੀ ਸਨ। ਉਨ੍ਹਾਂ ਨੇ ਸਾਲ 1929 ਤੋਂ 1947 ਤੱਕ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲਿਆ ਅਤੇ ਉਹ ਦੇਸ਼ ਨੂੰ ਆਜ਼ਾਦੀ ਦਵਾਉਣ ਲਈ ਕਈ ਵਾਰ ਜੇਲ੍ਹ ਵੀ ਗਏ।

ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲੈਣ ਤੋਂ ਇਲਾਵਾ ਉਹ 1936 ਤੋਂ 1965 ਤੱਕ ਇੱਕ ਥੀਏਟਰ ਕਲਾਕਾਰ ਵੀ ਰਹੇ ਅਤੇ ਉਨ੍ਹਾਂ ਨੇ ਥੀਏਟਰ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ।

ਏ.ਕੇ. ਹੰਗਲ ਨੂੰ 50 ਸਾਲ ਦੀ ਉਮਰ ਵਿੱਚ ਫ਼ਿਲਮਾਂ ਵਿੱਚ ਬ੍ਰੇਕ ਮਿਲਿਆ। ਉਨ੍ਹਾਂ 50 ਸਾਲ ਦੀ ਉਮਰ ਵਿੱਚ ਹੀ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕੀਤਾ ਅਤੇ ਉਸ ਤੋਂ ਬਾਅਦ ਉਹ ਹਿੰਦੀ ਸਿਨੇਮਾ ਦੇ ਇੱਕ ਚਹੇਤੇ ਕਲਾਕਾਰ ਬਣ ਗਏ। ਏ.ਕੇ. ਹੰਗਲ (ਨੇ 'ਸ਼ੋਲੇ', 'ਸ਼ੌਕੀਨ', 'ਮੰਜਿਲ', 'ਲਗਾਨ', 'ਪਹੇਲੀ' ਅਤੇ 'ਬਾਵਰਚੀ' ਵਰਗੀਆਂ ਬਿਹਤਰੀਨ ਫ਼ਿਲਮਾਂ ਵਿੱਚ ਵੀ ਕੰਮ ਕੀਤਾ।

ਏ.ਕੇ. ਹੰਗਲ ਇੱਕ ਜ਼ਿੰਦਾ ਦਿਲ ਇਨਸਾਨ ਸਨ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ 50 ਸਾਲ ਦੀ ਉਮਰ ਵਿੱਚ ਕੈਮਰੇ ਫੇਸ ਕਰਨ ਤੋਂ ਬਾਅਦ ਉਨ੍ਹਾਂ ਨੇ 96 ਸਾਲ ਦੀ ਉਮਰ ਵਿੱਚ, ਵ੍ਹੀਲਚੇਅਰ 'ਤੇ ਬੈਠ ਕੇ ਫੈਸ਼ਨ ਪਰੇਡ ਵਿੱਚ ਸ਼ਮੂਲੀਅਤ ਕੀਤੀ ਸੀ । 97 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਇੱਕ ਐਨੀਮੇਟਡ ਫ਼ਿਲਮ ਵਿੱਚ ਵੀ ਆਪਣਾ ਪਹਿਲੀ ਵੌਇਸ ਡੱਬਿੰਗ ਕੀਤੀ।

ਹੋਰ ਪੜ੍ਹੋ : ਰਾਜਾਮੌਲੀ ਦੀ ਫ਼ਿਲਮ RRR ਦੀ ਨਵੀਂ ਤਰੀਕ ਆਈ ਸਾਹਮਣੇ, 25 ਮਾਰਚ ਨੂੰ ਹੋਵੇਗੀ ਰਿਲੀਜ਼

ਹੰਗਲ ਨੇ ਆਪਣੇ ਚਾਰ ਦਹਾਕਿਆਂ ਤੋਂ ਵੱਧ ਲੰਬੇ ਕਰੀਅਰ ਵਿੱਚ ਲਗਭਗ 225 ਫਿਲਮਾਂ ਵਿੱਚ ਕੰਮ ਕੀਤਾ ਅਤੇ ਆਪਣੇ ਆਖਰੀ ਦਿਨਾਂ ਵਿੱਚ ਉਹ ਟੀਵੀ ਸੀਰੀਅਲ ‘ਮਧੂਬਾਲਾ’ ਵਿੱਚ ਵੀ ਨਜ਼ਰ ਆਏ।ਏ.ਕੇ. ਹੰਗਲ ਦੀਆਂ ਯਾਦਗਾਰ ਫਿਲਮਾਂ 'ਚ 'ਨਮਕ ਹਰਮ', 'ਸ਼ੋਲੇ', 'ਬਾਵਰਚੀ', 'ਛੁਪਾ ਰੁਸਤਮ', 'ਅਭਿਮਾਨ' ਅਤੇ 'ਗੁੱਡੀ' ਸ਼ਾਮਲ ਹਨ ਅਤੇ 'ਸ਼ੌਕੀਨ' ਵਿਚ ਉਸ ਦੀ ਭੂਮਿਕਾ ਨੂੰ ਕੌਣ ਭੁੱਲ ਸਕਦਾ ਹੈ, ਜਿਸ ਵਿੱਚ ਉਨ੍ਹਾਂ ਨੇ ਇੱਕ ਸੇਵਾਮੁਕਤ ਬਜ਼ੁਰਗ ਦੀ ਭੂਮਿਕਾ ਨਿਭਾਈ ਸੀ। ਚੰਗੀ ਅਦਾਕਾਰੀ ਦੇ ਲਈ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਆਖ਼ਰੀ ਦਿਨਾਂ ਵਿੱਚ ਏ.ਕੇ ਹੰਗਲ ਬਹੁਤ ਬਿਮਾਰ ਸਨ, ਉਨ੍ਹਾਂ ਦੀ ਆਰਥਿਕ ਹਾਲਤ ਇਨ੍ਹੀਂ ਕੁ ਖ਼ਰਾਬ ਸੀ ਕਿ ਉਹ ਆਪਣਾ ਇਲਾਜ ਕਰਵਾਉਣ ਵਿੱਚ ਵੀ ਅਸਮਰਥ ਸਨ। ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਉਨ੍ਹਾਂ ਦੀ ਮਦਦ ਕੀਤੀ, ਪਰ ਆਖਿਰ ਵਿੱਚ ਉਹ 26 ਅਗਸਤ ਸਾਲ 2012 ਵਿੱਚ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਤੇ ਪਿੱਛੇ ਛੱਡ ਗਏ ਆਪਣੀ ਅਦਾਕਾਰੀ ਦੇ ਕਈ ਰੰਗ। ਅੱਜ ਵੀ ਰੰਗਮੰਚ ਦੇ ਕਈ ਕਲਾਕਾਰ ਉਨ੍ਹਾਂ ਦੀਆਂ ਫ਼ਿਲਮਾਂ ਵੇਖ ਕੇ ਅਦਾਕਾਰੀ ਦੀ ਸਿੱਖਿਆ ਲੈਂਦੇ ਹਨ।

You may also like