
Mika Singh news: ਭਾਰਤ ਦੇ ਮਸ਼ਹੂਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਨੇ ਵੀਰਵਾਰ ਨੂੰ ਆਪਣੀ ਪ੍ਰੇਮਿਕਾ ਰਾਧਿਕਾ ਮਰਚੈਂਟ ਨਾਲ ਮੰਗਣੀ ਕਰ ਲਈ ਹੈ। ਅਨੰਤ ਅਤੇ ਰਾਧਿਕਾ ਦੀ ਮੰਗਣੀ ਦੀ ਰਸਮ ਰਾਜਸਥਾਨ ਦੇ ਨਾਥਦੁਆਰਾ ਸਥਿਤ ਸ਼੍ਰੀਨਾਥਜੀ ਮੰਦਰ 'ਚ ਰੱਖੀ ਗਈ ਹੈ। ਇਸ ਤੋਂ ਬਾਅਦ ਮੁੰਬਈ 'ਚ ਅੰਬਾਨੀ ਪਰਿਵਾਰ ਦੇ ਘਰ ਐਂਟੀਲਾ 'ਚ ਦੇਰ ਰਾਤ ਇੱਕ ਖ਼ਾਸ ਸਮਾਰੋਹ ਹੋਇਆ, ਜਿਸ 'ਚ ਸਾਰੇ ਫ਼ਿਲਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਮਸ਼ਹੂਰ ਗਾਇਕ ਮੀਕਾ ਸਿੰਘ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸਮਾਂ ਬੰਨ ਦਿੱਤਾ। ਪਰ ਕੀ ਤੁਸੀਂ ਜਾਣਦੇ ਹੋ ਕਿ ਮੀਕਾ ਸਿੰਘ ਨੇ ਆਪਣੇ ਪ੍ਰਦਰਸ਼ਨ ਲਈ ਮੋਟੀ ਰਕਮ ਵਸੂਲੀ ਹੈ।


ਮੀਕਾ ਸਿੰਘ ਬਾਲੀਵੁੱਡ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੂੰ ਕਲਾਕਾਰ ਤੇ ਦਰਸ਼ਕ ਖੂਬ ਪਸੰਦ ਕਰਦੇ ਨੇ। ਬੀਤੀ ਰਾਤ ਅੰਬਾਨੀ ਹਾਊਸ ਐਂਟੀਲਾ 'ਚ ਵੀ ਮੀਕਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਰੌਣਕ ਵਧਾ ਦਿੱਤੀ ਹੈ। ਇਸ ਮੌਕੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੂਜੇ ਪਾਸੇ ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੀਕਾ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਮੰਗਣੀ ਪਾਰਟੀ 'ਚ ਪਰਫਾਰਮੈਂਸ ਲਈ ਮੋਟੀ ਰਕਮ ਵਸੂਲੀ ਹੈ। ਮੀਡੀਆ ਰਿਪੋਰਟਸ ਮੁਤਾਬਿਕ ਸਿੰਗਰ ਮੀਕਾ ਸਿੰਘ ਨੇ ਇਸ ਪਰਫਾਰਮੈਂਸ ਲਈ ਲਗਭਗ 1.5 ਕਰੋੜ ਰੁਪਏ ਲਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਮੀਕਾ ਸਿੰਘ ਨੇ ਇਹ ਫੀਸ ਸਿਰਫ 10 ਮਿੰਟ ਦੀ ਪਰਫਾਰਮੈਂਸ ਲਈ ਹੈ। ਅਜਿਹੇ 'ਚ ਹਰ ਪਾਸੇ ਮੀਕਾ ਸਿੰਘ ਦੀ ਚਰਚਾ ਹੋ ਰਹੀ ਹੈ।

ਰਾਜਸਥਾਨ 'ਚ ਮੰਗਣੀ ਤੋਂ ਬਾਅਦ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਪਰਿਵਾਰ ਮੁੰਬਈ ਸਥਿਤ ਆਪਣੇ ਘਰ ਐਂਟੀਲਾ ਪਰਤਿਆ। ਜਿੱਥੇ ਦੇਰ ਰਾਤ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ 'ਚ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ, ਸ਼ਾਹਰੁਖ ਖਾਨ, ਰਣਬੀਰ ਕਪੂਰ, ਆਲੀਆ ਭੱਟ, ਜਾਨ੍ਹਵੀ ਕਪੂਰ ਵਰਗੇ ਕਈ ਫ਼ਿਲਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।