ਮੁੜ ਵਿਵਾਦਾਂ 'ਚ ਘਿਰੇ ਮਸ਼ਹੂਰ ਗਾਇਕ ਹਨੀ ਸਿੰਘ, ਲੱਗੇ ਅਸ਼ਲੀਲ ਗੀਤ ਗਾਉਣ ਦੇ ਦੋਸ਼

written by Pushp Raj | February 03, 2022

ਬਾਲੀਵੁੱਡ ਦੇ ਮਸ਼ਹੂਰ ਗਾਇਕ ਹਨੀ ਸਿੰਘ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ, ਉਹ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਵਿਵਾਦਾਂ ਵਿੱਚ ਘਿਰੇ ਹੁੰਦੇ ਹਨ। ਮੁੜ ਇੱਕ ਵਾਰ ਫੇਰ ਹਨੀ ਸਿੰਘ ਵਿਵਾਦਾਂ 'ਚ ਘਿਰ ਗਏ ਹਨ। ਉਨ੍ਹਾਂ ਉੱਤੇ ਅਸ਼ਲੀਲ ਗੀਤ ਗਾਉਣ ਦੇ ਦੋਸ਼ ਲੱਗੇ ਹਨ।

ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਨਾਗਪੁਰ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਮਸ਼ਹੂਰ ਗਾਇਕ ਹਨੀ ਸਿੰਘ ਨੂੰ ਆਪਣੀ ਆਵਾਜ਼ ਦਾ ਨਮੂਨਾ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਗਾਇਕ ਨੂੰ ਇਹ ਨਿਰਦੇਸ਼ ਇੰਟਰਨੈਟ 'ਤੇ ਅਸ਼ਲੀਲ ਗੀਤ ਗਾਉਣ ਅਤੇ ਅਪਲੋਡ ਕਰਨ ਦੇ ਮਾਮਲੇ 'ਚ ਦਰਜ ਮਾਮਲੇ ਦੇ ਸਬੰਧ 'ਚ ਦਿੱਤਾ ਹੈ। ਅਦਾਲਤ ਨੇ ਹਨੀ ਸਿੰਘ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਗਾਇਕ ਨੂੰ ਆਵਾਜ਼ ਦਾ ਨਮੂਨਾ ਪੇਸ਼ ਕਰਨ ਲਈ ਸਥਾਨਕ ਪੁਲਿਸ ਸਟੇਸ਼ਨ 'ਚ ਪੇਸ਼ ਹੋਣਾ ਪਵੇਗਾ।

ਜ਼ਿਲ੍ਹਾ ਅਤੇ ਵਧੀਕ ਸੈਸ਼ਨ ਜੱਜ ਐਸਏਐਸਐਮ ਅਲੀ ਨੇ 27 ਜਨਵਰੀ ਨੂੰ ਗਾਇਕ ਨੂੰ 4 ਫਰਵਰੀ ਤੋਂ 11 ਫਰਵਰੀ ਦਰਮਿਆਨ ਨਾਗਪੁਰ ਦੇ ਪੰਚਪੌਲੀ ਥਾਣੇ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਅਦਾਲਤ ਨੇ ਇਹ ਨਿਰਦੇਸ਼ ਹਨੀ ਸਿੰਘ ਵੱਲੋਂ ਇਸ ਮਾਮਲੇ 'ਤੇ ਦਾਖਲ ਕੀਤੀ ਗਈ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਦਿੱਤਾ ਹੈ।

ਇਸ ਪਟੀਸ਼ਨ ਵਿੱਚ ਹਨੀ ਸਿੰਘ ਨੇ ਵਿਦੇਸ਼ ਯਾਤਰਾ ਲਈ ਲਗਾਈ ਗਈ ਸ਼ਰਤ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਸੀ। ਇਸ ਸਬੰਧ 'ਚ ਅਦਾਲਤ ਨੇ ਹਨੀ ਸਿੰਘ ਨੂੰ 29 ਜਨਵਰੀ ਤੋਂ 4 ਫਰਵਰੀ ਦਰਮਿਆਨ ਦੁਬਈ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਉਨ੍ਹਾਂ ਨੂੰ 4 ਤੋਂ 11 ਫਰਵਰੀ ਦਰਮਿਆਨ ਥਾਣੇ ਵਿੱਚ ਪੇਸ਼ ਹੋਣ ਲਈ ਕਿਹਾ ਹੈ।

ਹੋਰ ਪੜ੍ਹੋ : ਰਾਜਨੀਤੀ ਦੇ ਹਨੇਰੇ ਪੱਖ ਨੂੰ ਦਰਸਾਉਂਦੀ ਪੰਜਾਬੀ ਵੈਬ ਸੀਰੀਜ਼ 'ਚੌਸਰ-ਦਿ ਪਾਵਰ ਗੇਮਜ਼ ਜਲਦ ਹੀ ਪੀਟੀਸੀ ਪਲੇਅ ਐਪ 'ਤੇ ਹੋਵੇਗੀ ਸਟ੍ਰੀਮ

ਹਨੀ ਸਿੰਘ ਦੀ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਜਾਂਚ ਅਧਿਕਾਰੀ ਨੇ ਕਿਹਾ  ਕਿ ਗਾਇਕ ਨੇ 25 ਜਨਵਰੀ ਨੂੰ ਥਾਣੇ 'ਚ ਪੇਸ਼ ਹੋਣਾ ਸੀ, ਪਰ ਉਹ ਪੇਸ਼ ਨਹੀਂ ਹੋਏ ਅਤੇ ਇੱਕ ਈਮੇਲ ਰਾਹੀਂ ਆਪਣੀ ਅਸਮਰੱਥਾ ਦੱਸੀ।

ਦੱਸਣਯੋਗ ਹੈ ਕਿ ਪੰਜਪੋਲੀ ਪੁਲਿਸ ਨੇ ਆਨੰਦਪਾਲ ਸਿੰਘ ਜੱਬਲ ਦੀ ਸ਼ਿਕਾਇਤ ’ਤੇ ਹਨੀ ਸਿੰਘ ਖ਼ਿਲਾਫ਼ ਆਈਪੀਸੀ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ 292 (ਅਸ਼ਲੀਲ ਸਮੱਗਰੀ ਦੀ ਵਿਕਰੀ, ਵੰਡ) ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਸੀ।ਫਿਲਹਾਲ ਇਸ ਮਾਮਲੇ ਵਿੱਚ ਹਨੀ ਸਿੰਘ ਰਾਹਤ ਮਿਲਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ।

You may also like