'ਭਾਬੀ ਦੀਵਾ ਜਗਾ, ਮੇਰੀ ਮੰਜੀ ਥੱਲੇ ਕੌਣ' ਵਰਗੇ ਕਈ ਹਿੱਟ ਗਾਣੇ ਦਿੱਤੇ ਸਨ ਗਾਇਕ ਕੁਲਬੀਰ ਸਿੰਘ ਨੇ, ਪਰ ਅੱਜ ਢੋਅ ਰਿਹਾ ਹੈ ਗੁੰਮਨਾਮੀ ਦਾ ਹਨੇਰਾ
ਇੱਕ ਸਮਾਂ ਸੀ ਜਦੋਂ ਗਾਇਕ ਕੁਲਬੀਰ ਸਿੰਘ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂਅ ਸੀ । ਪਰ ਅੱਜ ਇਹ ਗਾਇਕ ਗੁੰਮਨਾਮੀ ਦਾ ਹਨੇਰਾ ਢੋਅ ਰਿਹਾ ਹੈ । ਇਸ ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ 'ਭਾਬੀ ਦੀਵਾ ਜਗਾ, ਮੇਰੀ ਮੰਜੀ ਥੱਲੇ ਕੌਣ' ਤੇ 'ਜਾ ਜਾ ਵੇ ਤੈਨੂੰ ਦਿਲ ਦਿੱਤਾ ਅੱਲਾ ਵਾਸਤੇ' ਵਰਗੇ ਹਿੱਟ ਗਾਣੇ ਦਿੱਤੇ ਹਨ । ਇਹ ਗਾਣੇ ਅੱਜ ਵੀ ਡੀਜੇ ਦੀ ਸ਼ਾਨ ਬਣਦੇ ਹਨ । ਇਸ ਸਭ ਦੇ ਬਾਵਜੂਦ ਕੁਲਬੀਰ ਸਿੰਘ ਗੁੰਮਨਾਮੀ ਦਾ ਹਨੇਰਾ ਢੋਅ ਰਿਹਾ ਹੈ । ਕੁਲਬੀਰ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਅੱਜ ਦੀ ਗਾਇਕੀ ਬਹੁਤ ਮਹਿੰਗੀ ਹੋ ਗਈ ਹੈ, ਜਿਸ ਕਰਕੇ ਉਹ ਗੁੰਮਨਾਮ ਗਾਇਕ ਦੀ ਜ਼ਿੰਦਗੀ ਜਿਉ ਰਿਹਾ ਹੈ ।
ਕੁਲਬੀਰ ਮੁਤਾਬਿਕ ਗਾਇਕੀ ਉਸ ਨੂੰ ਪ੍ਰਮਾਤਮਾ ਨੇ ਦਿੱਤੀ ਹੈ ਕਿਉਂਕਿ ਉਸ ਨੇ ਗਾਉਣਾ ਕਿਸੇ ਤੋਂ ਸਿੱਖਿਆ ਨਹੀਂ ਸੀ, ਤੇ ਨਾ ਹੀ ਉਸ ਨੂੰ ਕਿਸੇ ਰਾਗ ਦਾ ਪਤਾ ਹੈ । ਕੁਲਬੀਰ ਨੂੰ ਗਾਉਣ ਦੀ ਚੇਟਕ ਆਪਣੇ ਨਾਨਕਿਆਂ ਤੋਂ ਲੱਗੀ ਸੀ ਕਿਉਂਕਿ ਉਹਨਾਂ ਦੇ ਮਾਮਾ ਜੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਕੀਰਤਨ ਕਰਦੇ ਸਨ, ਜਦੋਂ ਵੀ ਕੁਲਬੀਰ ਆਪਣੇ ਨਾਨਕੇ ਜਾਂਦੇ ਤਾਂ ਉਹ ਆਪਣੇ ਮਾਮੇ ਨਾਲ ਕੀਰਤਨ ਕਰਦੇ । ਗਾਣੇ ਗਾਉੇਣ ਦੀ ਇਹ ਚੇਟਕ ਇਸ ਤਰ੍ਹਾਂ ਲੱਗੀ ਕਿ ਉਸ ਨੇ ਪਹਿਲਾਂ ਆਪਣੇ ਸਕੂਲ ਦੇ ਪ੍ਰੋਗਰਾਮਾਂ ਵਿੱਚ ਗਾਉਣਾ ਸ਼ੁਰੂ ਕੀਤਾ ਤੇ ਬਾਅਦ ਵਿੱਚ ਦੁਬਈ ਵਿੱਚ ਨੌਕਰੀ ਕਰਦੇ ਹੋਏ ਆਪਣਾ ਗਰੁੱਪ ਬਣਾਕੇ ਗਾਉਣਾ ਸ਼ੁਰੂ ਕਰ ਦਿੱਤਾ ।
ਇਹ ਸਿਲਸਿਲਾ ਅੱਗੇ ਤੁਰਿਆ ਤਾਂ ਉਹ ਦੁਬਈ ਤੋਂ ਭਾਰਤ ਆਪਣੇ ਗਾਣਿਆਂ ਦੀ ਰਿਕਾਰਡਿੰਗ ਕਰਾਉਣ ਲਈ ਪੰਜਾਬ ਆ ਗਏ । ਇੱਥੇ ਕੁਲਬੀਰ ਦੀ ਮੁਲਾਕਾਤ ਮਿaੂਜ਼ਿਕ ਡਾਇਰੈਕਟਰ ਸੁਰਿੰਦਰ ਬੱਚਨ ਤੇ ਦਵਿੰਦਰ ਸਿੰਘ ਉਰਫ ਡੈਬੀ ਸਿੰਘ ਨਾਲ ਹੋਈ । ਇਸ ਜੋੜੀ ਨੇ ਕੁਲਬੀਰ ਦੀ ਗਾਇਕੀ ਨੂੰ ਨਿਖਾਰਿਆ ਤੇ ਉਹਨਾਂ ਦੀ ਪਹਿਲੀ ਕੈਸੇਟ ਕੱਢੀ । ਜਿਸ ਵਿੱਚ ਭਾਬੀ ਦੀਵਾ ਜਗਾ ਤੇ ਜਾ ਜਾ ਵੇ ਤੈਨੂੰ ਦਿਲ ਦਿੱਤਾ ਗਾਣੇ ਬਹੁਤ ਹੀ ਮਕਬੂਲ ਹੋਏ ।
ਇਹਨਾਂ ਗਾਣਿਆਂ ਤੋਂ ਬਾਅਦ ਕੁਲਬੀਰ ਦੀਆਂ ਕੁਝ ਹੋਰ ਕੈਸੇਟਾਂ ਵੀ ਆਈਆਂ ਜਿਹੜੀਆਂ ਕਿ ਕਾਫੀ ਮਕਬੂਲ ਹੋਈਆਂ । ਕੁਲਬੀਰ ਨੇ ਇਸ ਇੰਟਰਵਿਊ ਵਿੱਚ ਕਿਹਾ ਕਿ ਉਸ ਨੇ ਬਹੁਤ ਮਾੜੇ ਦਿਨ ਦੇਖ ਹਨ ਕਿਉਂਕਿ ਜਿਸ ਕੰਪਨੀ ਨਾਲ ਉਹ ਬੌਂਡ ਸੀ ਉਸ ਨੇ ਕਦੇ ਵੀ ਉਹਨਾਂ ਦੇ ਲਿੰਕ ਨਹੀਂ ਬਣਨ ਦਿੱਤੇ ਜਿਸ ਕਰਕੇ ਉਹ ਫੇਮਸ ਹੋਣ ਦੇ ਬਾਵਜੂਦ ਗੁੰਮਨਾਮ ਹੋ ਗਿਆ । ਪਰ ਉਹ ਹੁਣ ਇੱਕ ਹੋਰ ਗਾਣਾ ਲੈ ਕੇ ਆ ਰਹੇ ਹਨ, ਤੇ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਦੇ ਇਸ ਗਾਣੇ ਨੂੰ ਲੋਕ ਓਨਾਂ ਹੀ ਪਿਆਰ ਦੇਣਗੇ ਜਿੰਨਾਂ ਉਹ ਪਹਿਲਾਂ ਦਿੰਦੇ ਸਨ ।