ਹਾਕੀ ਖਿਡਾਰੀ ਅਜੀਤ ਪਾਲ ਸਿੰਘ ਨੂੰ ਮਿਲੇਗਾ ਧਿਆਨ ਚੰਦ ਅਵਾਰਡ

Written by  Rupinder Kaler   |  August 25th 2020 03:07 PM  |  Updated: August 25th 2020 03:07 PM

ਹਾਕੀ ਖਿਡਾਰੀ ਅਜੀਤ ਪਾਲ ਸਿੰਘ ਨੂੰ ਮਿਲੇਗਾ ਧਿਆਨ ਚੰਦ ਅਵਾਰਡ

ਹਾਕੀ ਖਿਡਾਰੀ ਅਜੀਤ ਪਾਲ ਸਿੰਘ ਨੂੰ ਧਿਆਨ ਚੰਦ ਲਾਈਫ਼ ਟਾਈਮ ਅਵਾਰਡ ਲਈ ਚੁਣਿਆ ਗਿਆ ਹੈ । ਉਹਨਾਂ ਨੂੰ ਇਹ ਅਵਾਰਡ ਉਹਨਾਂ ਦੇ ਹਾਕੀ ਨੂੰ ਦਿੱਤੇ ਗਏ ਯੋਗਦਾਨ ਕਰਕੇ ਦਿੱਤਾ ਜਾ ਰਿਹਾ ਹੈ । ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਅਜੀਤ ਪਾਲ ਸਿੰਘ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ । ਅਜੀਤ ਪਾਲ ਸਿੰਘ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹ ਜਦੋਂ 7 ਤੋਂ 8 ਸਾਲ ਦੇ ਸਨ ਉਦੋਂ ਉਹਨਾਂ ਦੇ ਚਾਚੇ ਨੇ ਉਨ੍ਹਾਂ ਨੂੰ ਹਾਕੀ ਫੜਾਈ ਸੀ, ਉਨ੍ਹਾਂ ਨੇ ਆਪਣੀ ਸਕੂਲੀ ਪੜਾਈ ਜਲੰਧਰ ਦੇ ਕੈਂਟੋਨਮੈਂਟ ਬੋਰਡ ਹਾਇਰ ਸਕੈਂਡਰੀ ਸਕੂਲ ਤੋਂ ਕੀਤੀ । 16 ਸਾਲ ਦੀ ਉਮਰ ਵਿੱਚ ਉਹ ਪੰਜਾਬ ਸਟੇਟ ਸਕੂਲ ਹਾਕੀ ਟੀਮ ਤੋਂ ਖੇਡੇ ।

ਸਕੂਲ ਖ਼ਤਮ ਕਰਨ ਤੋਂ ਬਾਅਦ ਉਹ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ 4 ਸਾਲ ਤੱਕ ਕਾਲਜ ਦੀ ਟੀਮ ਨੂੰ ਲੀਡ ਕੀਤਾ । ਇਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ । 1966 ਵਿੱਚ ਜਾਪਾਨ ਦੌਰੇ ਦੌਰਾਨ ਅਜੀਤਪਾਲ ਸਿੰਘ ਦੀ ਭਾਰਤੀ ਹਾਕੀ ਟੀਮ ਵਿੱਚ ਚੋਣ ਹੋਈ ਸੀ । ਇਸ ਤੋਂ ਬਾਅਦ ਅਜੀਤਪਾਲ ਸਿੰਘ ਲੰਡਨ ਵਿੱਚ ਹੋਏ ਪ੍ਰੀ ਓਲੰਪਿਕ ਟੂਰਨਾਮੈਂਟ ਦਾ ਵੀ ਹਿੱਸਾ ਰਹੇ ।

ਮੈਕਸੀਕੋ ਓਲੰਪਿਕ ਗੇਮਸ ਵਿੱਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ,ਹਾਲਾਂਕਿ ਮੈਕਸੀਕੋ ਓਲੰਪਿਕ ਵਿੱਚ ਭਾਰਤ ਤੀਜੇ ਨੰਬਰ 'ਤੇ ਰਿਹਾ ਸੀ । ਉਸ ਤੋਂ ਬਾਅਦ ਅਜੀਤਪਾਲ 1970 ਵਿੱਚ ਬੈਂਕਾਕ ਏਸ਼ੀਅਨ ਗੇਮਜ਼ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਬਣੇ । ਭਾਰਤੀ ਹਾਕੀ ਟੀਮ ਅਜੀਤਪਾਲ ਦੀ ਅਗਵਾਈ ਵਿੱਚ ਹੀ 1974 ਵਿੱਚ ਹੋਇਆ ਤਿਹਰਾਨ ਏਸ਼ੀਅਨ ਗੇਮਸ ਵਿੱਚ ਖੇਡੀ, ਇੰਨਾ ਦੋਵਾਂ ਟੂਰਨਾਮੈਂਟ ਵਿੱਚ ਟੀਮ ਨੇ ਸਿਲਵਰ ਤਮਗ਼ਾ ਹਾਸਲ ਕੀਤਾ ਸੀ । 1972 ਵਿੱਚ ਖੇਡੇ ਗਏ ਓਲੰਪਿਕ ਟੂਰਨਾਮੈਂਟ ਵਿੱਚ ਵੀ ਅਜੀਤਪਾਲ ਟੀਮ ਇੰਡੀਆ ਦਾ ਹਿੱਸਾ ਸਨ ਜਿੱਥੇ ਭਾਰਤ ਤੀਜੇ ਨੰਬਰ 'ਤੇ ਰਿਹਾ ।

1975 ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਹੀ ਭਾਰਤੀ ਹਾਕੀ ਟੀਮ ਨੇ ਵਰਲਡ ਕੱਪ ਜਿੱਤਿਆ ਸੀ । ਪਰ 1976 ਮੋਨਟੇਰਲਾ ਓਲੰਪਿਕ ਗੇਮਸ ਵਿੱਚ ਅਜੀਤਪਾਲ ਸਿੰਘ ਦੀ ਅਗਵਾਈ ਵਿੱਚ ਭਾਰਤ ਦੀ ਬੁਰੀ ਤਰ੍ਹਾਂ ਨਾਲ ਹਾਰ ਹੋਈ । 1980 ਵਿੱਚ ਕਰਾਚੀ ਵਿੱਚ ਖੇਡੀ ਗਈ ਚੈਂਪੀਅਨ ਟਰਾਫ਼ੀ ਅਜੀਤਪਾਲ ਸਿੰਘ ਦੇ ਕੈਰੀਅਰ ਦਾ ਅਖੀਰਲਾ ਟੂਰਨਾਮੈਂਟ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਹਾਕੀ ਤੋਂ ਰਿਟਾਇਰਮੈਂਟ ਲੈ ਲਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network