ਨਹੀਂ ਵੇਖਿਆ ਹੋਵੇਗਾ ਅਜਿਹਾ ਜਜ਼ਬਾ, ਇਹ ਬੱਚੀ ਪੜ੍ਹਨ ਲਈ ਇੱਕ ਪੈਰ ਨਾਲ ਤੈਅ ਕਰਦੀ ਹੈ 1 ਕਿਲੋਮੀਟਰ ਦਾ ਸਫ਼ਰ

written by Pushp Raj | May 26, 2022

ਦਿਵਿਆਂਗ ਲੋਕਾਂ ਨੂੰ ਵੱਖਰੇ ਤੌਰ 'ਤੇ ਦੇਖਿਆ ਜਾਂਦਾ ਹੈ। ਉਨ੍ਹਾਂ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ ਅਤੇ ਕਈ ਵਾਰ ਉਨ੍ਹਾਂ ਨਾਲ ਜ਼ਬਰਦਸਤੀ ਹਮਦਰਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦਿਵਯਾਂਗ ਦੀ ਇੱਕੋ ਇੱਕ ਇੱਛਾ ਹੁੰਦੀ ਹੈ ਕਿ ਉਸ ਨੂੰ ਵੱਖਰੇ ਨਜ਼ਰੀਏ ਤੋਂ ਨਾ ਦੇਖਿਆ ਜਾਵੇ। ਅਜਿਹੀ ਇੱਕ ਮਿਸਾਲ ਪੇਸ਼ ਕੀਤੀ ਹੈ ਬਿਹਾਰ ਦੀ ਇੱਕ ਕੁੜੀ ਸੀਮਾ, ਲੋਕ ਉਸ ਦਾ ਜਜ਼ਬਾ ਵੇਖ ਕੇ ਉਸ ਦੀ ਤਰੀਫ ਕਰਦੇ ਨਹੀਂ ਥੱਕ ਰਹੇ।

Image Source: Twitter

10 ਸਾਲਾਂ ਦੀ ਸੀਮਾ ਬਿਹਾਰ ਦੇ ਜ਼ਿਲ੍ਹਾ ਜਮੂਈ ਦੇ ਖਹਿਰਾ ਬਲਾਕ ਦੇ ਪਿੰਡ ਫਤਿਹਪੁਰ ਵਿੱਚ ਰਹਿੰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੀਮਾ ਨੇ ਸੜਕ ਹਾਦਸੇ 'ਚ ਆਪਣੀ ਲੱਤ ਗੁਆ ਦਿੱਤੀ ਸੀ, ਪਰ ਉਸ ਨੇ ਕਦੇ ਵੀ ਹਿੰਮਤ ਨਹੀਂ ਹਾਰੀ। ਉਸ ਅੰਦਰ ਅਜੇ ਵੀ ਕੁਝ ਵੀ ਕਰਨ ਦਾ ਜਜ਼ਬਾ ਹੈ।

ਜਾਣਕਾਰੀ ਮੁਤਾਬਕ ਸੀਮਾ ਇੱਕ ਸੜਕ ਹਾਦਸੇ ਦੌਰਾਨ ਟਰੈਕਟਰ ਦੀ ਚਪੇਟ 'ਚ ਆ ਗਈ ਸੀ। ਜਿਸ ਕਾਰਨ ਉਹ ਬੂਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਸੀਮਾ ਦੀ ਜਾਨ ਬਚਾਉਣ ਲਈ ਉਸ ਦੀ ਇੱਕ ਲੱਤ ਕੱਟਣੀ ਪਈ। ਹਰ ਰੋਜ਼ ਉਹ ਇੱਕ ਕਿਲੋਮੀਟਰ, ਇੱਕ ਪੈਰ ਦੀ ਛਾਲ ਮਾਰ-ਮਾਰ ਕੇ ਸਕੂਲ ਪਹੁੰਚਦੀ ਹੈ ਤਾਂ ਜੋ ਉਹ ਪੜ੍ਹ ਸਕੇ। ਸੀਮਾ ਦਾ ਪੜ੍ਹਨ-ਲਿਖਣ ਦਾ ਸ਼ੌਕ ਅਜਿਹਾ ਹੈ ਕਿ ਕੱਚੀਆਂ ਸੜਕਾਂ ਅਤੇ ਲੱਤ ਦੀ ਘਾਟ ਵੀ ਉਸ ਲਈ ਕੋਈ ਸਮੱਸਿਆ ਨਹੀਂ ਹੈ। ਮੋਢੇ 'ਤੇ ਬੈਗ ਲਟਕਾ ਕੇ ਉਹ ਇਕੱਲੀ ਸਕੂਲ ਜਾਂਦੀ ਹੈ।

Image Source: Twitter

ਸੀਮਾ ਪਿੰਡ ਦੇ ਹੀ ਸਰਕਾਰੀ ਸਕੂਲ 'ਚ ਪੜ੍ਹਦੀ ਹੈ ਤੇ ਉਹ ਚੌਥੀ ਜਮਾਤ ਦੀ ਵਿਦਿਆਰਥਣ ਹੈ। ਸੀਮਾ ਦੇ ਮਾਤਾ-ਪਿਤਾ ਮਜ਼ਦੂਰੀ ਕਰਦੇ ਹਨ ਤੇ ਉਸ ਸਣੇ ਉਸ ਦੇ ਪੰਜ ਭੈਣ ਭਰਾਵਾਂ ਨੂੰ ਪਾਲਦੇ ਹਨ। ਪੈਰ ਨਾਂ ਹੋਣ ਦੇ ਬਾਵਜੂਦ ਸੀਮਾ ਆਪਣੇ ਭੈਣ ਭਰਾਵਾਂ ਤੇ ਮਾਤਾ ਪਿਤਾ 'ਤੇ ਬੋਝ ਨਹੀਂ ਬਣਨਾ ਚਾਹੁੰਦੀ। ਸੀਮਾ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਅਧਿਆਪਕ ਬਣਨਾ ਚਾਹੁੰਦੀ ਹੈ ਤੇ ਸਿੱਖਿਆ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੁੰਦੀ ਹੈ।

Image Source: Twitter

ਹੋਰ ਪੜ੍ਹੋ: Dilip Joshi Birthday: ਇੱਕ ਸ਼ੋਅ ਨੇ ਬਦਲੀ ਦਿਲੀਪ ਜੋਸ਼ੀ ਦੀ ਜ਼ਿੰਦਗੀ, ਜੇਠਾਲਾਲ ਬਣ ਕੇ ਦਰਸ਼ਕਾਂ ਦੇ ਦਿਲਾਂ 'ਤੇ ਕੀਤਾ ਰਾਜ

ਸੀਮਾ ਦੀ ਇਹ ਵੀਡੀਓ ਬਿਹਾਰ ਦੇ ਸੋਨੂੰ ਨਾਂਅ ਦੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਸ਼ੇਅਰ ਕੀਤੀ ਸੀ। ਸੀਮਾ ਦੀ ਕਹਾਣੀ 'ਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਸਰਕਾਰ 'ਤੇ ਚੁਟਕੀ ਲੈ ਰਹੇ ਹਨ ਤਾਂ ਕੁਝ ਮਦਦ ਕਰਨ ਦੀ ਗੱਲ ਕਰ ਰਹੇ ਹਨ। ਸੀਮਾ ਦੀ ਕਹਾਣੀ ਵਾਇਰਲ ਹੋਣ ਤੋਂ ਬਾਅਦ ਜਮੁਈ ਦੇ ਡੀਐਮ ਨੇ ਉਸ ਨੂੰ ਵਹ੍ਹੀਲਚੇਅਰ ਸਾਈਕਲ ਭੇਂਟ ਕੀਤਾ ਹੈ।

You may also like