'ਜਿੰਨੇ ਟੁਕੜੇ ਹੋਣੇ ਦਿਲ ਦੇ ਨੀਂ ਹਰ ਟੁਕੜੇ 'ਤੇ ਤੇਰਾ ਨਾਂਅ ਹੋਣਾ' ਵਰਗੇ ਹਿੱਟ ਗੀਤ ਦੇਣ ਵਾਲਾ ਹਰਦੇਵ ਮਾਹੀਨੰਗਲ ਜਾਣੋ ਕਿੱਥੇ ਹੈ ਅੱਜ ਕੱਲ੍ਹ
ਇੱਕ ਇੰਟਰਵਿਊ ਦੌਰਾਨ ਹਰਦੇਵ ਮਾਹੀਨੰਗਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਨਿਊਜ਼ੀਲੈਂਡ 'ਚ ਸੈੱਟਲ ਹੋ ਗਏ ਸਨ ਅਤੇ ਵਿਦੇਸ਼ 'ਚ ਸੈਟਲ ਹੋਣ 'ਚ ਉਨ੍ਹਾਂ ਨੂੰ ਕਾਫੀ ਸਮਾਂ ਲੱਗ ਗਿਆ ਸੀ । ਜਿਸ ਕਾਰਨ ਗਾਇਕੀ ਤੋਂ ਕਾਫੀ ਸਮਾਂ ਉਨ੍ਹਾਂ ਨੂੰ ਦੂਰ ਰਹਿਣਾ ਪਿਆ ਸੀ ।
ਹਰਦੇਵ 2007 'ਚ ਨਿਊਜ਼ੀਲੈਂਡ ਚਲੇ ਗਏ ਸਨ,ਉਸ ਤੋਂ ਬਾਅਦ ਹਾਲ 'ਚ ਹੀ ਉਨ੍ਹਾਂ ਨੇ ਇੱਕ ਗੀਤ ਕੱਢਿਆ ਸੀ ਸੱਟ ਜਿਸ ਨੂੰ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।
ਹਰਦੇਵ ਮਾਹੀਨੰਗਲ ਨੇ ਜ਼ਿਆਦਾਤਰ ਸੈਡ ਸੌਂਗਸ ਹੀ ਗਾਏ ਹਨ ਇਸ ਬਾਰੇ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਸ ਦੌਰ 'ਚ ਮੇਜਰ ਰਾਜਸਥਾਨੀ,ਅੰਮ੍ਰਿਤਾ ਵਿਰਕ ਸਣੇ ਕਈ ਗਾਇਕ ਸੈਡ ਸੌਂਗ ਗਾਉਂਦੇ ਸਨ ਅਤੇ ਇਹ ਗੀਤ ਕਾਫੀ ਹਿੱਟ ਵੀ ਹੁੰਦੇ ਸਨ ਅਤੇ ਇਸੇ ਲਈ ਕੰਪਨੀ ਦੀ ਡਿਮਾਂਡ 'ਤੇ ਉਨ੍ਹਾਂ ਨੇ ਵੀ ਜ਼ਿਆਦਾਤਰ ਸੈਡ ਸੌਂਗਸ ਹੀ ਗਾਏ ਸਨ ।
ਹਰਦੇਵ ਮਾਹੀਨੰਗਲ ਨੇ 1995 'ਚ ਪਹਿਲਾ ਅਖਾੜਾ ਰਾਮਪੁਰਾ ਫੂਲ ਦੇ ਪਿੰਡ ਫੂਲ 'ਚ ਲਗਾਇਆ ਸੀ । ਕੁਲਦੀਪ ਮਾਣਕ ਦੇ ਉਹ ਵੱਡੇ ਫੈਨ ਹਨ ਅਤੇ ਉਨ੍ਹਾਂ ਦੀ ਗਾਇਕੀ ਨੂੰ ਸੁਣ ਕੇ ਹੀ ਉਹ ਵੱਡੇ ਹੋਏ ਹਨ ।