ਇੱਕ ਸਮਾਂ ਸੀ ਜਦੋਂ ਪੰਜਾਬ ਦੀ ਹਰ ਰਸੋਈ ਦਾ ਸ਼ਿੰਗਾਰ ਬਣਦੀ ਸੀ ਇਹ ਚੀਜ਼, ਬੁੱਝੋ ਤਾਂ ਜਾਣੀਏ …!

written by Rupinder Kaler | May 08, 2020

ਆਧੁਨਿਕਤਾ ਦੀ ਇਸ ਦੌੜ ਵਿੱਚ ਪੰਜਾਬ ਦੀਆਂ ਬਹੁਤ ਸਾਰੀਆਂ ਲੋਕ ਕਲਾਵਾਂ ਅਲੋਪ ਹੋ ਕੇ ਰਹਿ ਗਈਆਂ ਹਨ । ਇੱਕ ਸਮਾਂ ਸੀ ਜਦੋਂ ਘਰ ਦੀਆਂ ਸੁਆਣੀਆਂ ਖੁਦ ਆਪਣੇ ਘਰ ਨੂੰ ਬਣਾਉਂਦੀਆਂ ਤੇ ਸ਼ਿੰਗਾਰਦੀਆ ਸਨ ।ਗ੍ਰਹਿਣੀਆਂ ਦੇ ਕਲਾ ਦਾ ਨਮੂਨਾ ਉਸ ਦੀ ਰਸੋਈ ਤੇ ਚੁੱਲ੍ਹੇ ਚੌਂਕੇ ਨੂੰ ਦੇਖ ਕੇ ਮਿਲ ਜਾਂਦਾ ਸੀ, ਕਿਉਂਕਿ ਇਸ ਘਰ ਦੀਆਂ ਸੁਆਣੀਆਂ ਆਪਣੇ ਹੱਥੀਂ ਬਣਾਉਂਦੀਆਂ ਤੇ ਸਵਾਰਦੀਆਂ ਸਨ । ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਹਾਰੇ (ਭੜੋਲੀ) ਬਾਰੇ ਦੱਸਾਂਗੇ, ਜਿਸ ਤੋਂ ਔਰਤਾਂ ਕਈ ਕੰਮ ਲੈਂਦੀਆਂ ਸਨ ।

 

ਇਕ ਜ਼ਮਾਨਾ ਸੀ ਜਦੋਂ ਪੰਜਾਬ ਦੇ ਹਰ ਘਰ ਦੀ ਰਸੋਈ ਨੇੜੇ ਹੀ ਕੰਧ ਵਿੱਚ ਇਕ ਆਲੇ ਵਾਂਗ ਆਕਾਰ ਬਣਿਆ ਹੁੰਦਾ ਸੀ, ਜਿਸ ‘ਚ ਢੋਲ ਦੀ ਸ਼ਕਲ ਦਾ ਪਾਤਰ ਡੂੰਘਾਈ ਰੂਪ ਵਿੱਚ ਬਣਿਆ ਹੁੰਦਾ ਸੀ ਜਾਂ ਇਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਵਾਲੀ ਇੱਕ ਢੋਲ ਦੀ ਸ਼ਕਲ ਦੀ ਮਿੱਟੀ ਦੀ ਭੜੋਲੀ ਬਣੀ ਹੁੰਦੀ ਸੀ, ਜਿਸ ਨੂੰ ‘ਹਾਰਾ’ ਕਹਿੰਦੇ ਸਨ । ਹਾਰਾ ਪੰਜਾਬ ਦੀਆਂ ਲੋਕ ਕਲਾਵਾਂ ਦਾ ਇੱਕ ਰੂਪ ਹੈ ।

ਹਾਰੇ ਵਿੱਚ ਰਿੰਨ੍ਹੀਆਂ ਦਾਲਾਂ ਅਤੇ ਹੋਰ ਚੀਜਾਂ ਦਾ ਸਵਾਦ ਗੈਸ ਦੀ ਅੱਗ ‘ਤੇ ਛੇਤੀ-ਛੇਤੀ ਰਿੱਝਣ ਵਾਲੀਆਂ ਦਾਲਾਂ, ਸਬਜ਼ੀਆਂ ਤੋਂ ਕਾਫੀ ਭਿੰਨ ਹੁੰਦਾ ਸੀ । ਹਾਰੇ ਚ ਪਾਥੀਆਂ ਆਦਿ ਧੁੱਖਾ ਕੇ ਦੁੱਧ, ਸਾਗ, ਖਿਚੜੀ, ਦਾਲ ਜਾਂ ਜਿਹੜੀ ਵੀ ਹੋਰ ਚੀਜ਼ ਬਣਾਉਣੀ ਹੁੰਦੀ, ਧਰ ਦਿੱਤੀ ਜਾਂਦੀ ਸੀ । ਸਾਰੇ ਦਿਨ ‘ਚ ਇਕ-ਦੋ ਵਾਰੀ ਅੱਗ ਦਾ ਸੇਕ ਜਾਰੀ ਰੱਖਣ ਲਈ ਹੋਰ ਗੋਹੇ ਭੰਨ ਕੇ ਲਾ ਦਿੱਤੇ ਜਾਂਦੇ ਸਨ । ਭੋਜਨ ਬਣਾਉਣ ਦਾ ਇਹ ਕੰਮ ਮੱਠੀ ਅੱਗ ਉੱਤੇ ਹੁੰਦਾ ਸੀ।

ਹਾਰੇ ਵਿਚ ਪਾਏ ਗੋਹੇ ਹੌਲੀ-ਹੌਲੀ ਸਾਰਾ ਦਿਨ ਧੁਖਦੇ ਰਹਿੰਦੇ ਤੇ ਜਿਹੜੀ ਵੀ ਚੀਜ਼ ਬਣਨੀ ਧਰੀ ਹੋਣੀ, ਬਹੁਤ ਹੀ ਸੁਆਦਲੀ ਬਣਦੀ ਸੀ । ਪੰਜਾਬ ਵਿੱਚ ਹਾਰੇ ਦੇ ਕਈ ਰੂਪ ਤੇ ਨਾਂਅ ਹਨ । ਕੋਈ ਇਸ ਨੂੰ ਹਾਰਾ ਤੇ ਕੋਈ ਇਸ ਨੂੰ ਭੜੋਲੀ ਕਹਿੰਦਾ ਹੈ ।

ਇੱਕ ਸਮਾਂ ਸੀ ਜਦੋਂ ਹਾਰਾ ਹਰ ਸੁਆਣੀ ਦੀ ਜ਼ਰੂਰਤ ਹੁੰਦਾ ਸੀ ਇਸੇ ਲਈ ਇਸ ਦਾ ਜ਼ਿਕਰ ਲੋਕ ਗੀਤਾਂ ਵਿਚ ਵੀ ਆਉਂਦਾ ਹੈ, ‘ਰੀਝਾਂ ਨਾਲ ਜਿਹੜਾ ਮੈਂ ਬਣਾਇਆ ਸੀ ਹਾਰਾ, ਮਾਹੀ ਉਹਦੇ ‘ਚ ਅੜਕ ਕੱਲ੍ਹ ਡਿਗ ਪਿਆ ਵਿਚਾਰਾ…. ’ ਪਰ ਹੁਣ ਪੰਜਾਬ ਦੀ ਇਹ ਲੋਕ ਕਲਾ ਅਲੋਪ ਹੋ ਕੇ ਰਹਿ ਗਈ ਹੈ ।

You may also like