
Sidhu Moose wala 'Live show hologram' : ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ, ਪਰ ਅਜੇ ਵੀ ਸਿੱਧੂ ਦੇ ਮਾਪੇ ਤੇ ਗਾਇਕ ਦੇ ਫੈਨਜ਼ ਨੇ ਉਨ੍ਹਾਂ ਦੀਆਂ ਯਾਦਾਂ ਨੂੰ ਆਪਣੇ ਦਿਲਾਂ 'ਚ ਜ਼ਿਉਂਦਾ ਰੱਖਿਆ ਹੈ। ਹਾਲ ਹੀ ਵਿੱਚ ਸਿੱਧੂ ਦੇ ਫੈਨਜ਼ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਕਿਉਂਕਿ ਮੁੜ ਇੱਕ ਵਾਰ ਫਿਰ ਤੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਲਦ ਹੀ ਆਪਣੇ ਦਰਸ਼ਕਾਂ ਦੇ ਰੁਬਰੂ ਹੋਣਗੇ, ਆਓ ਜਾਣਦੇ ਹਾਂ ਕਿਵੇਂ।

ਦੱਸ ਦਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਅਜੇ ਵੀ ਆਪਣੇ ਪੁੱਤਰ ਦੇ ਗਮ ਤੋਂ ਉਭਰ ਨਹੀਂ ਸਕੇ ਹਨ। ਹਾਲ ਹੀ ਵਿੱਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦੀ ਯਾਦ 'ਚ ਇੱਕ ਵੱਡਾ ਕਦਮ ਚੁੱਕਣ ਜਾ ਰਹੇ ਹਨ।
ਜੀ ਹਾਂ ਜਲਦ ਹੀ ਸਿੱਧੂ ਮੂਸੇਵਾਲਾ ਦੇ 'ਲਾਈਵ ਸ਼ੋਅ ਹੋਲੋਗ੍ਰਾਮ' ਸ਼ੁਰੂ ਹੋਣਗੇ। ਇਹ ਸ਼ੋਅ ਜੂਨ ਮਹੀਨੇ ਤੋਂ ਸ਼ੁਰੂ ਹੋਣਗੇ। ਇਸ ਦੀ ਜਾਣਕਾਰੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਨੇੜਲੇ ਪਿੰਡ ਮੂਸਾ ਵਿਖੇ ਗਾਇਕ ਦੀ ਯਾਦ ਵਿੱਚ ਖੋਲ੍ਹੀ ਗਈ ਇੱਕ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਣ ਮੌਕੇ ਸ਼ੇਅਰ ਕੀਤੀ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਬਲਕੌਰ ਸਿੰਘ ਬੀਤੇ ਦਿਨੀਂ ਕਿਸੇ ਕੰਮ ਲਈ ਇੰਗਲੈਂਡ ਗਏ ਸਨ ਤੇ ਉਨ੍ਹਾਂ ਦਾ ਇੱਕ ਵਰਲਡ ਫੇਮਸ ਮਿਊਜ਼ਿਕ ਕੰਪਨੀ ਨਾਲ ਸ਼ੋਅ ਲਗਾਉਣ ਸਬੰਧੀ ਸਮਝੌਤਾ ਹੋਇਆ ਹੈ।

ਕਿੰਝ ਤੇ ਕਦੋਂ ਹੋਵੇਗਾ ਸਿੱਧੂ ਮੂਸੇਵਾਲਾ ਦਾ ਸ਼ੋਅ
ਪੁੱਤਰ ਦੀ ਯਾਦ ਵਿੱਚ ਮਾਤਾ-ਪਿਤਾ ਨੇ ਇਹ ਵੱਡਾ ਕਦਮ ਚੁੱਕਿਆ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ 'ਲਾਈਵ ਸ਼ੋਅ ਹੋਲੋਗ੍ਰਾਮ' ਸ਼ੁਰੂ ਕਰਨਗੇ। 11 ਜੂਨ ਨੂੰ ਸ਼ੁੱਭਦੀਪ ਸਿੰਘ ਯਾਨੀ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੁੰਦਾ ਹੈ। ਗਾਇਕ ਦੇ ਮਾਤਾ-ਪਿਤਾ ਚਾਹੁੰਦੇ ਹਨ ਕਿ ਸਿੱਧੂ ਦੇ ਇਹ ਸ਼ੋਅ ਉਨ੍ਹਾਂ ਦੇ ਜਨਮਦਿਨ ਵਾਲੇ ਦਿਨ ਤੋਂ ਹੀ ਸ਼ੁਰੂ ਹੋਣ।
ਮਿਊਜ਼ਿਕ ਕੰਪਨੀ ਨਾਲ ਹੋਏ ਸਮਝੋਤੇ ਤਹਿਤ ਵੱਖ-ਵੱਖ ਦੇਸ਼ਾਂ ਵਿੱਚ ਸਿੱਧੂ ਮੂਸੇਵਾਲਾ ਦੇ ਸ਼ੋਅ ਲਗਾਏ ਜਾਣਗੇ। ਇਸ ਲਾਈਵ ਸ਼ੋਅਸ ਦੇ ਜ਼ਰੀਏ ਸਿੱਧੂ ਮੂਸੇਵਾਲਾ ਪ੍ਰੋਜੈਕਟਰ ਰਾਹੀਂ ਹੂ-ਬ-ਹੂ ਆਪਣੇ ਫੈਨਜ਼ ਦੇ ਨਾਲ ਰੁਬਰੂ ਹੁੰਦੇ ਹੋਏ ਨਜ਼ਰ ਆਉਣਗੇ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਇਹ ਸ਼ੋਅ ਲੇਜ਼ਰ ਤਕਨੀਕ ਨਾਲ ਕੀਤੇ ਜਾਣਗੇ।
ਇਸ ਸ਼ੋਅ ਬਾਰੇ ਦੱਸਦੇ ਹੋਏ ਸਿੱਧੂ ਦੇ ਪਿਤਾ ਨੇ ਕਿਹਾ ਕਿ ਸਿੱਧੂ ਦੀ ਸੋਚ ਸੀ ਕਿ ਹਰ ਵਿਅਕਤੀ ਨੂੰ ਗਿਆਨ ਮਿਲੇ ਤੇ ਹਰ ਵਿਅਕਤੀ ਆਪਣੇ ਸੁਫ਼ਨਿਆਂ ਨੂੰ ਹਕੀਕਤ ਵਿੱਚ ਬਦਲ ਸਕੇ। ਉਹ ਆਪਣੇ ਪੁੱਤਰ ਦੀ ਇਸੇ ਸੋਚ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਇਸ ਲਈ ਉਹ ਸਮਾਜਿਕ ਕਾਰਜਾਂ 'ਚ ਹਿੱਸਾ ਲੈ ਰਹੇ ਹਨ।

ਹੋਰ ਪੜ੍ਹੋ: ਸੋਨਾਕਸ਼ੀ ਸਿਨਹਾ ਨਾਲ ਸ਼ਕਲ ਮਿਲਣ ਦੀ ਗੱਲ 'ਤੇ ਪਹਿਲੀ ਵਾਰ ਬੋਲੀ ਰੀਨਾ ਰਾਏ, ਜਾਣੋ ਅਦਾਕਾਰਾ ਨੇ ਕੀ ਕਿਹਾ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਜਿਹੇ ਲਾਈਵ ਹੋਲੋਗ੍ਰਾਮ ਸ਼ੋਅਜ ਵਿਸ਼ਵ ਮਸ਼ਹੂਰ ਰੈਪਰ ਟੂਪਾਕ ਦੇ ਹੋਏ ਹਨ, ਜੋ ਕਿ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਆਯੋਜਿਤ ਕੀਤੇ ਗਏ ਸਨ। ਦੱਸ ਦਈਏ ਕਿ ਗਾਇਕ ਸਿੱਧੂ ਮੂਸੇਵਾਲਾ ਵੀ ਟੂਪਾਕ ਨੂੰ ਆਪਣਾ ਆਈਡਲ ਮੰਨਦੇ ਸਨ ਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਫਾਲੋ ਕਰਦੇ ਸਨ। ਇਹ ਇਤਫਾਕ ਹੈ ਕਿ ਸਿੱਧੂ ਮੂਸੇਵਾਲਾ ਵਾਂਗ ਹੀ ਰੈਪਰ ਟੂਪਾਕ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।