ਜੱਸੀ ਸੋਹਲ ਨੇ ਦਿੱਤੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ, ਕਈ ਸਾਲਾਂ ਤੱਕ ਰਹੇ ਸੀ ਇੰਡਸਟਰੀ ਤੋਂ ਦੂਰ, ਜਾਣੋ ਗਾਇਕ ਦੀ ਜ਼ਿੰਦਗੀ ਤੇ ਕਰੀਅਰ ਬਾਰੇ
ਜੱਸੀ ਸੋਹਲ (Jassi Sohal) ਕਿਸੇ ਪਛਾਣ ਦੇ ਮੁਹਤਾਜ਼ ਨਹੀਂ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਹਿੱਟ ਗੀਤ ਦਿੱਤੇ ਹਨ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਜੱਸੀ ਸੋਹਲ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਮੇਰੀ ਆਂ ਤੂੰ ਜਾਨੇਂ ਨੀ’, ‘ਵੇ ਮੈਂ ਹੋ ਜਾਊਂ ਸਾਧਣੀ’, ‘ਆ ਜਾਈਂ ਕੋਈ ਬਹਾਨਾ ਮਾਰ ਕੇ’ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਹਨ ।
ਹੋਰ ਪੜ੍ਹੋ : ਨਵੀਂ ਪੰਜਾਬੀ ਫ਼ਿਲਮ ‘ਮੇਰੀ ਪਿਆਰੀ ਦਾਦੀ’ ਦਾ ਐਲਾਨ, ਅਨੀਤਾ ਦੇਵਗਨ ਮੁੱਖ ਭੂਮਿਕਾ ‘ਚ ਆਉਣਗੇ ਨਜ਼ਰ
ਇੰਡਸਟਰੀ ਤੋਂ ਅਚਾਨਕ ਹੋਏ ਸਨ ਗਾਇਬ
ਜੱਸੀ ਸੋਹਲ ‘ਤੇ ਇੱਕ ਸਮਾਂ ਅਜਿਹਾ ਵੀ ਆਇਆ ਸੀ ਕਿ ਉਹ ਇੰਡਸਟਰੀ ਚੋਂ ਗਾਇਬ ਜਿਹੇ ਹੋ ਗਏ ਸਨ । ਜਿਸ ਦਾ ਕਾਰਨ ਉਨ੍ਹਾਂ ਦੇ ਕੁਝ ਪਰਿਵਾਰਕ ਮਸਲੇ ਸਨ । ਜੱਸੀ ਸੋਹਲ ਆਪਣੀ ਮਾਂ ਦੇ ਬਹੁਤ ਨਜ਼ਦੀਕ ਸਨ । ਉਹ ਆਪਣੀ ਮਾਂ ਦੀ ਸੇਵਾ ‘ਚ ਉਨ੍ਹਾਂ ਨੇ ਕਦੇ ਵੀ ਕੋਈ ਕਮੀ ਨਹੀਂ ਛੱਡੀ, ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ । ਉਨ੍ਹਾਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ।
ਇਸ ਗਮ ‘ਚ ਉਹ ਏਨਾਂ ਡੁੱਬ ਗਏ ਸਨ ਕਿ ਉਨ੍ਹਾਂ ਨੂੰ ਲੱਗਿਆ ਕਿ ਹੁਣ ਉਹ ਕਦੇ ਵੀ ਗਾ ਨਹੀਂ ਸਕਣਗੇ । ਇੱਥੋਂ ਤੱਕ ਕਿ ਉਨ੍ਹਾਂ ਨੇ ਬੋਲਚਾਲ ਵੀ ਲੋਕਾਂ ਨਾਲ ਬੰਦ ਕਰ ਦਿੱਤੀ ਸੀ ਅਤੇ ਇਸ ਪ੍ਰੋਫੈਸ਼ਨ ਤੋਂ ਦੂਰ ਰਹਿਣ ਦਾ ਫੈਸਲਾ ਕਰ ਲਿਆ ਸੀ।
ਘਰ ਵਾਲਿਆਂ ਨੇ ਦਿੱਤਾ ਸਹਿਯੋਗ
ਜੱਸੀ ਸੋਹਲ ਦੇ ਘਰ ਵਾਲਿਆਂ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ । ਘਰ ਵਾਲਿਆਂ ਦੇ ਹੌਂਸਲੇ ਦੀ ਬਦੌਲਤ ਉਨ੍ਹਾਂ ਨੇ ਕਈ ਸਾਲ ਬਾਅਦ ਇੱਕ ਧਾਰਮਿਕ ਐਲਬਮ ਕੱਢੀ ।ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ । ਪਰ ਇਸੇ ਦੌਰਾਨ ਮੁਸ਼ਕਿਲ ਦੀ ਘੜੀ ਫਿਰ ਜੱਸੀ ਸੋਹਲ ਦੇ ਪਰਿਵਾਰ ‘ਤੇ ਆ ਗਈ । ਜਿਸ ਤਰ੍ਹਾਂ ਉਨ੍ਹਾਂ ਦੀ ਮਾਤਾ ਜੀ ਨੂੰ ਸਟਮਕ ਕੈਂਸਰ ਹੋਇਆ, ਉਸੇ ਤਰ੍ਹਾਂ ਦੀ ਹੀ ਬਿਮਾਰੀ ਨੇ ਉਨ੍ਹਾਂ ਦੇ ਪਿਤਾ ਜੀ ਨੂੰ ਵੀ ਘੇਰ ਲਿਆ ਸੀ ।
ਬਿਮਾਰੀ ਕਾਰਨ ਉਨ੍ਹਾਂ ਦੇ ਪਿਤਾ ਜੀ ਵੀ ਮੌਤ ਹੋ ਗਈ ਜਿਸ ਤੋਂ ਬਾਅਦ ਜੱਸੀ ਪੂਰੀ ਤਰ੍ਹਾਂ ਟੁੱਟ ਗਏ ਅਤੇ ਬਿਮਾਰ ਵੀ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ ‘ਚ ਦਾਖਲ ਰਹਿਣਾ ਪਿਆ ਸੀ ।ਅਜਿਹੇ ਸਮੇਂ ‘ਚ ਗਾਣਾ ਤਾਂ ਦੂਰ ਉਨ੍ਹਾਂ ਦੇ ਸਾਜ਼ ਕਿੱਥੇ ਪਏ ਸਨ ਇਸ ਦਾ ਵੀ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ ।
ਇਸ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਜੂਝਣ ਦੇ ਬਾਵਜੂਦ ਵੀ ਜੱਸੀ ਸੋਹਲ ਨੇ ਕਦੇ ਹਾਰ ਨਹੀਂ ਮੰਨੀ ਅਤੇ ਸੰਗੀਤ ਦੇ ਨਾਲ ਜੁੜੇ ਰਹੇ ਅਤੇ ਹੁਣ ਵੀ ਉਹ ਕਈ ਗੀਤ ਕੱਢ ਰਹੇ ਹਨ ਅਤੇ ਵਿਦੇਸ਼ਾਂ ‘ਚ ਲਾਈਵ ਸ਼ੋਅਸ ਕਰ ਰਹੇ ਹਨ ।
- PTC PUNJABI