ਦੁਖਦ ਖਬਰ! ਗਾਇਕ ਦਿਲਜੀਤ ਦੋਸਾਂਝ ਦੇ ਚਾਚਾ ਮਾਸਟਰ ਸ਼ਿੰਗਾਰਾ ਸਿੰਘ ਦੁਸਾਂਝ ਦਾ ਹੋਇਆ ਦਿਹਾਂਤ, ਕਿਸਾਨ ਅੰਦੋਲਨ 'ਚ ਦਿੱਤਾ ਸੀ ਅਹਿਮ ਯੋਗਦਾਨ
Shingara Singh Dosanjh death news: ਪੰਜਾਬੀ ਇੰਡਸਟਰੀ ਤੋਂ ਹਾਲ ਹੀ 'ਚ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਇਹ ਖ਼ਬਰ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਦੇ ਪਰਿਵਾਰ ਤੋਂ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਸਕੇ ਚਾਚਾ ਸ਼ਿੰਗਾਰਾ ਸਿੰਘ ਦੁਸਾਂਝ ਦਾ ਦਿਹਾਂਤ ਹੋ ਗਿਆ ਹੈ। ਵੱਡੀ ਗਿਣਤੀ 'ਚ ਫੈਨਜ਼ ਤੇ ਪੰਜਾਬੀ ਇੰਡਸਟਰੀ ਦੇ ਸੈਲਬਸ ਨੇ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ ਹੈ।
ਮੀਡੀਆ ਰਿਪੋਰਟਸ ਮੁਤਾਬਕ ਦਿਲਜੀਤ ਦੁਸਾਂਝ ਦੇ ਚਾਚਾ ਸ਼ਿੰਗਾਰਾ ਸਿੰਘ ਦੁਸਾਂਝ ਦਾ ਦਿਹਾਂਤ ਬੀਤੇ ਦਿਨੀਂ ਹੋਇਆ। ਉਨ੍ਹਾਂ ਨੇ ਜਲੰਧਰ ਦੇ ਗੁਰਾਇਆ ‘ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਸ਼ਿੰਗਾਰਾ ਸਿੰਘ ਦੁਸਾਂਝ ਦੇ ਅੰਤਿਮ ਦਰਸ਼ਨਾਂ ਲਈ ਪਿੰਡ ‘ਚ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ।
ਇਸ ਦੌਰਾਨ ਕਈ ਕਿਸਾਨ ਆਗੂਆਂ ਨੇ ਸ਼ਿੰਗਾਰਾ ਸਿੰਘ ਦੁਸਾਂਝ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਕੀਤਾ ਗਿਆ।
ਦੱਸਣਯੋਗ ਹੈ ਕਿ ਸ਼ਿੰਗਾਰਾ ਸਿੰਘ ਦੁਸਾਂਝ ਜਲੰਧਰ ਜ਼ਿਲ੍ਹਾ ਕਮੇਟੀ ਆਰ.ਐਮ.ਪੀ.ਆਈ ਦੇ ਮੈਂਬਰ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸਨ। ਸ਼ਿੰਗਾਰਾ ਸਿੰਘ ਦੁਸਾਂਝ ਨੇ ਦਿੱਲੀ ਕਿਸਾਨ ਮੋਰਚਾ ਸਣੇ ਕਈ ਕਿਸਾਨਾਂ ਦੇ ਧਰਨੇ ਅਤੇ ਜਮਹੂਰੀ ਸੰਘਰਸ਼ਾਂ ਵਿੱਚ ਸਨਮਾਨਯੋਗ ਭੂਮਿਕਾ ਨਿਭਾਈ। ਕਿਸਾਨ ਅੰਦੋਲਨ 'ਚ ਯੋਗਦਾਨ ਪਾਉਣ ਦੇ ਨਾਲ ਸ਼ਿੰਗਾਰਾ ਸਿੰਘ ਦੁਸਾਂਝ ਨੇ ਅਧਿਆਪਕ ਵਜੋਂ ਕੰਮ ਕਰਦਿਆਂ ਟਰੇਡ ਯੂਨੀਅਨ ਅਤੇ ਮੁਲਾਜ਼ਮ ਲਹਿਰਾਂ ਵਿੱਚ ਵੀ ਮਿਸਾਲੀ ਯੋਗਦਾਨ ਪਾਇਆ।
- PTC PUNJABI