
Fire broke out on the set of Rajshree Productions: ਮੁੰਬਈ ਦੇ ਅੰਧੇਰੀ ਵੈਸਟ 'ਚ ਸ਼ੁੱਕਰਵਾਰ ਦੁਪਹਿਰ ਨੂੰ ਫਿਲਮ ਦੇ ਨਾਲ ਲੱਗਦੇ ਦੋ ਸੈੱਟਾਂ 'ਤੇ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਬੀਐਮਸੀ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਸੈੱਟ ਉੱਤੇ ਰਣਬੀਰ ਕਪੂਰ ਤੇ ਸ਼ਰਧਾ ਸ਼ੂਟਿੰਗ ਕਰ ਰਹੇ ਸੀ।

ਮੀਡੀਆ ਰਿਪੋਰਟਸ ਮੁਤਾਬਕ ਬੀਐਮਸੀ ਅਧਿਕਾਰੀ ਨੇ ਦੱਸਿਆ ਕਿ ਫਿਲਮ ਸੈੱਟ 'ਤੇ ਇਹ ਅੱਗ ਸ਼ੁੱਕਰਵਾਰ ਸ਼ਾਮ 4:30 ਵਜੇ ਦੇ ਕਰੀਬ ਲੱਗੀ ਸੀ। ਇਹ ਅੱਗ ਇੰਨੀ ਭਿਆਨਕ ਸੀ, ਕਿ ਅੱਗ 'ਤੇ ਪੰਜ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਕਾਬੂ ਪਾ ਲਿਆ ਗਿਆ।
ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦੇ ਜਨਰਲ ਸਕੱਤਰ ਅਸ਼ੋਕ ਦੂਬੇ ਨੇ ਦੱਸਿਆ ਕਿ ਅੱਗ ਵਿੱਚ ਫਿਲਮ ਦੇ ਦੋ ਸੈੱਟ ਸੜ ਗਏ। ਇਨ੍ਹਾਂ ਵਿੱਚੋਂ ਇੱਕ ਸੈੱਟ ਰਾਜਸ਼੍ਰੀ ਪ੍ਰੋਡਕਸ਼ਨ ਦਾ ਸੀ ਅਤੇ ਦੂਜਾ ਸੈੱਟ ਡਾਇਰੈਕਟਰ ਲਵ ਰੰਜਨ ਦੀ ਨਵੀਂ ਫ਼ਿਲਮ ਦਾ ਸੀ।

ਇੱਕ ਵਿਅਕਤੀ ਦੀ ਹੋਈ ਮੌਤ
ਨਗਰ ਨਿਗਮ ਅਧਿਕਾਰੀਆਂ ਮੁਤਾਬਕ ਅੱਗ ਦੀ ਲਪੇਟ 'ਚ ਆ ਕੇ ਜ਼ਖਮੀ ਹੋਏ 32 ਸਾਲਾ ਮਨੀਸ਼ ਦੇਵਾਸ਼ੀ ਨੂੰ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਕੂਪਰ ਹਸਪਤਾਲ 'ਚ ਮ੍ਰਿਤਕ ਐਲਾਨ ਦਿੱਤਾ ਗਿਆ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਇੱਕ ਅਸਥਾਈ ਪੰਡਾਲ ਤੋਂ ਸ਼ੁਰੂ ਹੋਈ, ਜਿੱਥੇ ਕੁਝ ਲੱਕੜ ਦੀਆਂ ਚੀਜ਼ਾਂ ਰੱਖੀਆਂ ਗਈਆਂ ਸਨ। ਹਾਲਾਂਕਿ ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਅਸ਼ੋਕ ਦੂਬੇ ਨੇ ਦੋਸ਼ ਲਾਇਆ ਕਿ ਇਨ੍ਹਾਂ ਸੈੱਟਾਂ ਨੂੰ ਲਗਾਉਣ ਵਾਲਾ ਠੇਕੇਦਾਰ ਉਹੀ ਵਿਅਕਤੀ ਹੈ ਜਿਸ ਨੇ ਡੇਢ ਸਾਲ ਪਹਿਲਾਂ ਬੰਗੜ ਨਗਰ ਵਿੱਚ ਫਿਲਮ ਦਾ ਸੈੱਟ ਬਣਾਇਆ ਸੀ, ਜਿਸ ਨੂੰ ਅੱਗ ਲੱਗ ਗਈ ਸੀ।
ਹਾਦਸੇ ਵਾਲੀ ਥਾਂ 'ਤੇ ਸ਼ਰਧਾ ਤੇ ਰਣਬੀਰ ਕਪੂਰ ਨੇ ਕਰਨੀ ਸੀ ਸ਼ੂਟਿੰਗ
ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਦੋ ਫਿਲਮਾਂ ਦੇ ਸ਼ੂਟਿੰਗ ਸੈੱਟ 'ਤੇ ਅੱਗ ਲੱਗ ਗਈ ਸੀ, ਉਨ੍ਹਾਂ 'ਚੋਂ ਇੱਕ ਸੈੱਟ ਲਵ ਰੰਜਨ ਦੀ ਫਿਲਮ ਦਾ ਸੀ। ਜਿਸ 'ਚ ਰਣਬੀਰ ਕਪੂਰ ਅਤੇ ਸ਼ਰਧਾ ਮੁੱਖ ਭੂਮਿਕਾਵਾਂ 'ਚ ਹਨ। ਹਲਾਂਕਿ ਲਵ ਰੰਜਨ ਦੀ ਇਸ ਫਿਲਮ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ।
ਮੀਡੀਆ ਰਿਪੋਰਟਸ ਮੁਤਾਬਕ ਇੱਥੇ ਇੱਕ ਗੀਤ ਦੀ ਸ਼ੂਟਿੰਗ ਹੋਣੀ ਸੀ, ਜਿਸ ਲਈ ਸੈੱਟ ਬਣਾਇਆ ਜਾ ਰਿਹਾ ਸੀ। ਖਬਰਾਂ ਮੁਤਾਬਕ ਰਣਬੀਰ ਅਤੇ ਸ਼ਰਧਾ ਅਗਲੇ ਹਫਤੇ ਸ਼ੂਟਿੰਗ ਸ਼ੁਰੂ ਕਰ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਲਵ ਰੰਜਨ ਦੀ ਇਸ ਫਿਲਮ ਵਿੱਚ ਬੋਨੀ ਕਪੂਰ ਵੀ ਇੱਕ ਐਕਟਰ ਦੇ ਰੂਪ ਵਿੱਚ ਨਜ਼ਰ ਆਉਣਗੇ। ਪਿਛਲੇ ਦਿਨੀਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਬੋਨੀ ਕਪੂਰ ਨੇ ਅੱਗ ਲੱਗਣ ਦੇ ਕਾਰਨ ਬਾਰੇ ਕਿਹਾ, 'ਮੈਨੂੰ ਨਹੀਂ ਪਤਾ ਕੀ ਹੋਇਆ ਸੀ। ਫਿਲਹਾਲ ਸਾਡੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਕਈ ਲੋਕਾਂ ਨੇ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਹੋਣਾ ਦੱਸਿਆ ਹੈ।