ਪ੍ਰਦੇਸੀ ਪੰਜਾਬੀਆਂ ਲਈ ਆ ਰਿਹਾ ਹੈ 'ਪਿੰਡ ਮੇਰਿਆ'
ਸਰਦੂਲ ਸਿਕੰਦਰ ਆਪਣਾ ਨਵਾਂ ਗੀਤ 'ਪਿੰਡ ਮੇਰਿਆ' ਲੈ ਕੇ ਆ ਰਹੇ ਨੇ । ਇਸ ਗੀਤ ਦੇ ਬੋਲ ਹਰਜਿੰਦਰ ਮਾਲ ਨੇ ਲਿਖੇ ਨੇ ।ਜਦਕਿ ਮਿਊਜ਼ਿਕ ਦਿੱਤਾ ਹੈ ਸਚਿਨ ਆਹੁਜਾ ਨੇ ।ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਥੱਲੇ ਤਿਆਰ ਹੋਏ ਇਸ ਗੀਤ 'ਚ ਪ੍ਰਦੇਸਾਂ 'ਚ ਰਹਿੰਦੇ ਪੰਜਾਬੀਆਂ ਦੀ ਕਹਾਣੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਆਪਣੇ ਵਤਨ ਅਤੇ ਪਿੰਡ ਤੋਂ ਦੂਰ ਹੋਏ ਪ੍ਰਦੇਸੀ ਪੰਜਾਬੀਆਂ ਨੂੰ ਰਹਿ-ਰਹਿ ਕੇ ਆਪਣੇ ਪਿੰਡ ਦੀ ਯਾਦ ਕਿਸ ਤਰ੍ਹਾਂ ਸਤਾਉਂਦੀ ਰਹਿੰਦੀ ਹੈ ।
ਹੋਰ ਵੇਖੋ : ਜਦੋ ਰਣਜੀਤ ਬਾਵਾ ਨੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਗੀਤ ਗਾ ਕੇ ਬੰਨਿਆਂ ਸਮਾਂ
ਵਿਦੇਸ਼ 'ਚ ਰਹਿੰਦੇ ਹੋਏ ਬੇਸ਼ੱਕ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਮੁੱਹਈਆ ਹੁੰਦੀਆਂ ਨੇ ਪਰ ਆਪਣੇ ਪਿੰਡ ਅਤੇ ਆਪਣੇ ਵਤਨ ਦੀ ਮਿੱਟੀ ਦੀ ਯਾਦ ਰਹਿ ਰਹਿ ਕੇ ਉਨ੍ਹਾਂ ਨੂੰ ਸਤਾਉਂਦੀ ਹੀ ਰਹਿੰਦੀ ਹੈ ।ਕਿਉਂਕਿ ਇਨਸਾਨ ਆਪਣੀਆਂ ਜੜ੍ਹਾਂ ਨੂੰ ਕਦੇ ਨਹੀਂ ਭੁੱਲਦਾ। ਜਿਸ ਥਾਂ ਤੇ ਉਸ ਨੇ ਆਪਣੀ ਜ਼ਿੰਦਗੀ ਦੀ ਬੁਨਿਆਦ ਰੱਖੀ ,ਜਿਸ ਥਾਂ 'ਤੇ ਬਚਪਨ ਬਿਤਾਇਆ ਉਹ ਅਮਿੱਟ ਯਾਦਾਂ ਹਮੇਸ਼ਾ ਉਸ ਨੂੰ ਪਿੰਡ ਦੀ ਮਿੱਟੀ ਦੀ ਮਹਿਕ ਦੀ ਯਾਦ ਦਿਵਾਉਂਦੀਆਂ ਰਹਿੰਦੀਆਂ ਨੇ ਅਤੇ ਇਨ੍ਹਾਂ ਯਾਦਾਂ ਨੂੰ ਹੀ ਸਮਰਪਿਤ ਹੈ ।
ਸਰਦੂਲ ਸਿਕੰਦਰ ਦਾ ਜਨਮ ਜਨਵਰੀ ਉੱਨੀ ਸੌ ਇਕਾਹਠ 'ਚ ਹੋਇਆ ਅਤੇ ਉਹ ਆਪਣੀ ਐਲਬਮ 'ਰੋਡਵੇਜ਼ ਦੀ ਲਾਰੀ' ਦੇ ਨਾਲ ਚਰਚਾ ਵਿੱਚ ਆਏ ।ਸਰਦੂਲ ਸਿਕੰਦਰ ਸ਼ੁਰੂਆਤੀ ਦੌਰ 'ਚ ਧਾਰਮਿਕ ਪ੍ਰੋਗਰਾਮ ਕਰਦੇ ਹੁੰਦੇ ਸਨ ਅਤੇ ਉਨ੍ਹਾਂ ਦੇ ਭਰਾ ਵੀ ਉਨ੍ਹਾਂ ਨਾਲ ਗਾਇਆ ਕਰਦੇ ਸਨ ।ਪੰਜਾਬ ਦੇ ਰਿਵਾਇਤੀ ਪਹਿਰਾਵੇ ਕੁੜ੍ਹਤੇ ਚਾਦਰੇ ਅਤੇ ਸਮਲੇ ਵਾਲੀ ਪੱਗ ਨਾਲ ਪੇਸ਼ਕਾਰੀਆਂ ਦੇਣ ਕਾਰਨ ਸਰੋਤਿਆਂ ਵੱਲੋਂ ਵੀ ਉਨ੍ਹਾਂ ਨੂੰ ਭਰਵਾਂ ਪਿਆਰ ਮਿਲਿਆ ਅਤੇ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ । ਸਰਦੂਲ ਸਿਕੰਦਰ ਨੇ ਜਿੱਥੇ ਪਾਪ ਗੀਤ ਗਾਏ ਉੱਥੇ ਹੀ ਸੂਫੀਇਜ਼ਮ ਅਤੇ ਲੋਕ ਗੀਤ ਗਾ ਕੇ ਵੀ ਸਰੋਤਿਆਂ ਦੀ ਵਾਹਵਾਹੀ ਲੁੱਟੀ ਅਤੇ ਹੁਣ ਉਹ ਮੁੜ ਤੋਂ ਆਪਣੇ ਇਸ ਨਵੇਂ ਪ੍ਰਾਜੈਕਟ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ । ਜਿਸ 'ਚ ਉਨ੍ਹਾਂ ਦੇ ਨਾਲ ਮਿਊਜ਼ਿਕ ਡਾਇਰੈਕਟਰ ਸਚਿਨ ਆਹੁਜਾ ਅਤੇ ਡਾਇਰੈਕਸ਼ਨ ਦਿੱਤੀ ਹੈ ਮਾਨ ਸਾਹਿਬ ਨੇ । ਸਰਦੂਲ ਸਿਕੰਦਰ ਵਰਗੇ ਗਾਇਕ ਅਤੇ ਸਚਿਨ ਆਹੁਜਾ ਵਰਗੇ ਮਿਊਜ਼ਿਕ ਡਾਇਰੈਕਟਰ ਦਾ ਮੇਲ ਪ੍ਰਦੇਸੀ ਪੰਜਾਬੀਆਂ ਅਤੇ ਦੇਸ ਵੱਸਦੇ ਪੰਜਾਬੀਆਂ ਨੂੰ ਕਿੰਨਾ ਭਾਉਂਦਾ ਹੈ ਇਹ ਵੇਖਣ ਵਾਲੀ ਗੱਲ ਹੈ ।