ਐਸਜੀਪੀਸੀ ਨੇ ਮੰਨੀ ਸਿੱਧੂ ਮੂਸੇਵਾਲਾ ਦੀ ਮਾਂ ਦੀ ਅਪੀਲ, ਸਿੱਧੂ ਦੇ ਭੋਗ ਤੋਂ ਬਾਅਦ ਐਸਜੀਪੀਸੀ ਨਿਭਾਵੇਗੀ ਲੰਗਰ ਸੇਵਾ
ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਜਿਸ ਨੂੰ 29 ਮਈ ਨੂੰ ਅਣਪਛਾਤਿਆਂ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੰਗਲਵਾਰ ਨੂੰ ਉਨ੍ਹਾਂ ਦਾ ਸੰਸਕਾਰ ਹੋਇਆ ਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਨੂੰ ਪ੍ਰਵਾਹਿਤ ਕੀਤਾ ਗਿਆ। ਹੁਣ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਭੋਗ ਤੇ ਅੰਤਿਮ ਅਰਦਾਸ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਕਿ ਸਿੱਧੂ ਦੇ ਭੋਗ ਤੋਂ ਬਾਅਦ ਐਸਜੀਪੀਸੀ ਲੰਗਰ ਸੇਵਾ ਨਿਭਾਵੇਗੀ।
ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਦੀ ਮਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਪੱਤਰ ਲਿਖ ਕੇ ਲੰਗਰ ਸੇਵਾ ਦੀ ਅਪੀਲ ਕੀਤੀ ਸੀ। ਕਿਉਂਕਿ ਸਿੱਧੂ ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੇ ਪਿੰਡ ਕਾਫੀ ਭੀੜ ਸੀ, ਅਜਿਹੇ 'ਚ ਭੀੜ ਨੂੰ ਕੰਟਰੋਲ ਕਰ ਸਕਣਾ ਬੇਹੱਦ ਔਖਾ ਹੋ ਗਿਆ ਸੀ। ਐਸਜੀਪੀਸੀ ਨੇ ਸਿੱਧੂ ਮੂਸੇਵਾਲਾ ਦੀ ਮਾਂ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ ਤੇ ਸਿੱਧੂ ਮੂਸੇਵਾਲਾ ਦਾ ਭੋਗ ਤੇ ਅੰਤਿਮ ਅਰਦਾਸ ਤੋਂ ਬਾਅਦ ਲੰਗਰ ਸੇਵਾ ਦਾ ਪ੍ਰਬੰਧ ਕਰਨ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਭੋਗ ਤੇ ਅੰਤਿਮ ਅਰਦਾਸ 8 ਜੂਨ ਨੂੰ ਮਾਨਸਾ ਵਿਖੇ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿਖੇ ਹੋਵੇਗਾ।
ਅੱਜ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਪੁੱਤਰ ਲਈ ਇਨਸਾਫ ਦੀ ਮੰਗ ਕੀਤੀ। ਇਸ ਤੋਂ ਬਾਅਦ ਸਿੱਧੂ ਦੇ ਪਿਤਾ ਨੇ ਚੋਣਾਂ ਲੜਨ ਦੀ ਅਫਵਾਹ ਉੱਤੇ ਚੁੱਪੀ ਤੋੜਦੇ ਹੋਏ ਸਿੱਧੂ ਦੇ ਇੰਸਟਾ ਅਕਾਉਂਟ ਉੱਤੇ ਲਾਈਵ ਆ ਕੇ ਦੱਸਿਆ ਕਿ ਅਜੇ ਤੱਕ ਤਾਂ ਮੇਰੇ ਪੁੱਤ ਦਾ ਸਿਵਾ ਵੀ ਠੰਡਾ ਨਹੀਂ ਹੋਇਆ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦਾ ਚੋਣ ਲੜਨ ਤੋਂ ਇਨਕਾਰ ਕੀਤਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਸਿੱਧੂ ਦੇ ਅੰਤਿਮ ਯਾਤਰਾ ਮੌਕੇ ਪਹੁੰਚੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸਿੱਧੂ ਦੇ ਫੈਨਜ਼ ਅਤੇ ਸਾਥੀ ਕਲਾਕਾਰਾਂ ਤੇ ਹੋਰਨਾਂ ਸੱਜਣਾ ਨੂੰ ਭੋਗ 'ਤੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਦੁੱਖ ਦੀ ਔਖੀ ਘੜੀ 'ਚ ਸਾਥ ਦੇਣ ਵਾਲਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਿਹਾ।
ਹੋਰ ਪੜ੍ਹੋ: 8 ਜੂਨ ਨੂੰ ਹੋਵੇਗਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਭੋਗ ਤੇ ਅੰਤਿਮ ਅਰਦਾਸ
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਇੱਕ ਚਮਕਦਾ ਹੋਇਆ ਸਿਤਾਰਾ ਸੀ, ਜੋ ਮਹਿਜ਼ 28 ਸਾਲ ਦੀ ਭਰੀ ਜਵਾਈ 'ਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਿਆ। ਸਿੱਧੂ ਮੂਸੇਵਾਲਾ ਨੇ ਆਪਣੇ ਗਾਇਕੀ ਦੇ ਕਰੀਅਰ ਵਿੱਚ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤੇ ਦਿੱਤੇ ਤੇ ਪੰਜਾਬੀ ਸੰਗੀਤ ਨੂੰ ਉਚਾਈਆਂ 'ਤੇ ਪਹੁੰਚਾਇਆ।