
Shah Rukh Khan news: ਸ਼ਾਹਰੁਖ ਖ਼ਾਨ ਸਿਰਫ ਬਾਲੀਵੁੱਡ ਦੇ ਹੀ ਨਹੀਂ, ਅਸਲ ਜ਼ਿੰਦਗੀ 'ਚ ਵੀ ਬਾਦਸ਼ਾਹ ਹਨ। ਉਨ੍ਹਾਂ ਦੀ ਦਰਿਆਦਿਲੀ ਦੀਆਂ ਕਹਾਣੀਆਂ ਅਕਸਰ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਕੋਰੋਨਾ ਮਹਾਮਾਰੀ 'ਚ ਸ਼ਾਹਰੁਖ ਖ਼ਾਨ ਨੇ ਵੱਖ-ਵੱਖ ਸ਼ਹਿਰਾਂ ਦੇ ਲੋਕਾਂ ਦੀ ਮਦਦ ਕੀਤੀ ਸੀ। ਇੱਥੋਂ ਤੱਕ ਕਿ ਆਪਣੇ ਮੁੰਬਈ ਦਫਤਰ ਨੂੰ ਕੋਵਿਡ ਸੈਂਟਰ ਵਜੋਂ ਵਰਤਣ ਲਈ ਵੀ ਦਿੱਤਾ ਸੀ। ਹੁਣ ਉਸ ਦੀ ਦਰਿਆਦਿਲੀ ਦਾ ਇੱਕ ਹੋਰ ਕਿੱਸਾ ਸਾਹਮਣੇ ਆਇਆ ਹੈ।
ਖਬਰ ਹੈ ਕਿ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਅੰਜਲੀ ਸਿੰਘ ਦੀ ਮਦਦ ਲਈ ਅੱਗੇ ਆਏ ਹਨ। ਅੰਜਲੀ ਸਿੰਘ ਦੀ ਮੌਤ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅੰਜਲੀ ਨੂੰ ਗੱਡੀ ਹੇਠਾਂ ਕਈ ਕਿਲੋਮੀਟਰ ਤੱਕ ਘਸੀਟਿਆ ਗਿਆ ਸੀ, ਜਿਸ ਕਰਕੇ ਉਸ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖ਼ਾਨ ਦੀ ਐਨਜੀਓ ਮੀਰ ਫਾਊਂਡੇਸ਼ਨ ਨੇ ਅੰਜਲੀ ਸਿੰਘ ਦੇ ਪਰਿਵਾਰ ਨੂੰ ਵਿੱਤੀ ਮਦਦ ਕੀਤੀ ਹੈ। ਹਾਲਾਂਕਿ ਕਿੰਨੇ ਪੈਸੇ ਦੀ ਮਦਦ ਕੀਤੀ ਗਈ ਹੈ, ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


ਇੱਕ ਰਿਪੋਰਟ ਮੁਤਾਬਕ ਸ਼ਾਹਰੁਖ ਖ਼ਾਨ ਨੇ ਇਹ ਪੈਸਾ ਪਰਿਵਾਰ ਨੂੰ ਇਸ ਲਈ ਦਿੱਤਾ ਹੈ ਤਾਂ ਜੋ ਇਸ ਮੁਸ਼ਕਲ ਸਮੇਂ 'ਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਦੱਸ ਦੇਈਏ ਕਿ ਅੰਜਲੀ ਆਪਣੇ ਪਰਿਵਾਰ ਦੀ ਇਕਲੌਤੀ ਕਮਾਉਣ ਵਾਲੀ ਮੈਂਬਰ ਸੀ। ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਮੀਰ ਫਾਊਂਡੇਸ਼ਨ ਦੀ ਕੋਸ਼ਿਸ਼ ਅੰਜਲੀ ਦੀ ਮਾਂ ਅਤੇ ਉਸ ਦੇ ਭੈਣ-ਭਰਾਵਾਂ ਦੇ ਇਲਾਜ 'ਚ ਮਦਦ ਕਰਨਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ਾਹਰੁਖ ਖ਼ਾਨ ਦੀ ਫਾਊਂਡੇਸ਼ਨ ਅਜਿਹੀ ਪੀੜਤ ਦੀ ਮਦਦ ਲਈ ਅੱਗੇ ਆਈ ਹੈ। ਕੋਵਿਡ ਦੌਰਾਨ, ਕਿੰਗ ਖਾਨ ਦੇ ਫਾਊਂਡੇਸ਼ਨ ਨੇ ਅਣਗਿਣਤ ਲੋਕਾਂ ਦੀ ਵਿੱਤੀ ਅਤੇ ਹੋਰ ਤਰੀਕਿਆਂ ਨਾਲ ਮਦਦ ਕੀਤੀ ਸੀ। ਦੱਸ ਦੇਈਏ ਕਿ ਇਸ ਫਾਊਂਡੇਸ਼ਨ ਦਾ ਨਾਂ ਸ਼ਾਹਰੁਖ ਖ਼ਾਨ ਦੇ ਪਿਤਾ ਮੀਰ ਤਾਜ ਮੁਹੰਮਦ ਖਾਨ ਦੇ ਨਾਂ 'ਤੇ ਮੀਰ ਫਾਊਂਡੇਸ਼ਨ ਰੱਖਿਆ ਗਿਆ ਹੈ।