
Harbhajan Mann News: ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਨੂੰ ਲੈ ਕੇ ਹਾਲ ਹੀ ਵਿੱਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਹਰਭਜਨ ਮਾਨ 'ਤੇ 2.5 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲੱਗਿਆ ਹੈ। ਇਹ ਦੋਸ਼ ਦੋ ਐਨਆਰਆਈ ਪੰਜਾਬੀਆਂ ਨੇ ਲਗਾਇਆ ਹੈ।ਅਰਬਪਤੀ ਐਨਆਰਆਈ ਹਰਵਿੰਦਰ ਸਿੰਘ ਸਰ੍ਹਾਂ ਅਤੇ ਦਰਸ਼ਨ ਰੰਗੀ ਨੇ ਦੋਸ਼ ਲਾਇਆ ਹੈ ਕਿ ਪੰਜਾਬੀ ਗਾਇਕ ਮਾਨ ਨੇ ਹਿਸਾਬ ਕਰਨ ਦੇ ਦੌਰਾਨ ਇਹ ਧੋਖਾਧੜੀ ਕੀਤੀ ਹੈ।

ਮੋਹਾਲੀ ਅਦਾਲਤ ਨੇ ਇਸ ਮਾਮਲੇ ਵਿੱਚ ਗਾਇਕ ਹਰਭਜਨ ਮਾਨ ਦੀ ਕੰਪਨੀ ਐਚਐਚ ਰਿਕਾਰਡਜ਼, ਹਰਭਜਨ ਮਾਨ ਅਤੇ ਗੁਰਬਿੰਦਰ ਸਿੰਘ ਬਿੰਦੀ ਨੂੰ 9 ਜਨਵਰੀ 2023 ਨੂੰ ਜਵਾਬ ਦੇ ਆਧਾਰ 'ਤੇ ਜਾਣਕਾਰੀ ਦੇਣ ਦਾ ਸਮਾਂ ਦਿੱਤਾ ਹੈ।
ਮੋਹਾਲੀ ਦੀ ਅਦਾਲਤ 'ਚ ਦਾਖਲ ਕੀਤੀ ਗਈ ਪਟੀਸ਼ਨ 'ਚ ਇਹ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਮਈ 'ਚ ਇੱਕ ਫ਼ਿਲਮ ਰਿਲੀਜ਼ ਹੋਈ ਸੀ, ਜਿਸ ਦਾ ਪੀਆਰ ਹਰਭਜਨ ਮਾਨ ਦੀ ਕੰਪਨੀ ਅਤੇ ਸ਼ਿਕਾਇਤਕਰਤਾ ਦੋਵਾਂ ਵੱਲੋਂ ਅੱਧਾ-ਅੱਧਾ ਪੈਸਾ ਲਗਾਇਆ ਗਿਆ ਸੀ ਅਤੇ ਮੁਨਾਫਾ ਸਾਂਝਾ ਕਰਨ ਦੀ ਗੱਲ ਹੋਈ ਸੀ, ਪਰ ਬਾਅਦ ਵਿੱਚ ਨਾਂ ਤਾਂ ਸਿ਼ਕਾਇਤਕਰਤਾ ਨੂੰ ਕੋਈ ਮੁਨਾਫਾ ਦਿੱਤਾ ਗਿਆ ਅਤੇ ਨਾਂ ਹੀ ਕੋਈ ਪੈਸਾ ਵਾਪਿਸ ਕੀਤਾ ਗਿਆ, ਜਿਸ ਨੂੰ ਲੈ ਕੇ ਇਹ ਪਟੀਸ਼ਨ ਦਾਖਲ ਕੀਤੀ ਗਈ ਹੈ।

ਸ਼ਿਕਾਇਤਕਰਤਾ ਦਰਸ਼ਨ ਸਰ੍ਹਾਂ ਨੇ ਕਿਹਾ ਕਿ ਉਹ 'ਪੀਆਰ' ਨਾਲ ਫ਼ਿਲਮ ਨਿਰਮਾਣ ਦੇ ਕੰਮ ਵਿੱਚ ਉਤਰੇ ਸਨ, ਪਰ ਹੁਣ ਉਹ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਪਣੇ ਦੋਸਤ ਐਨਆਰਆਈ ਦਰਸ਼ਨ ਰੰਗੀ ਨਾਲ ਮਿਲ ਕੇ ਉਨ੍ਹਾਂ ਨੇ ਸਾਰੰਗ ਫ਼ਿਲਮ ਪ੍ਰੋਡਕਸ਼ਨ ਕੰਪਨੀ ਬਣਾਈ ਅਤੇ ਹਰਭਜਨ ਮਾਨ ਨਾਲ ਉਨ੍ਹਾਂ ਦੀ 30 ਸਾਲ ਪੁਰਾਣੀ ਵਾਕਫੀਅਤ ਹੈ। ਹਰਭਜਨ ਮਾਨ ਨੇ ਉਨ੍ਹਾਂ ਨੂੰ ਪਰਵਾਸੀ ਪੰਜਾਬੀਆਂ 'ਤੇ ਆਧਾਰਿਤ ਪੀਆਰ ਫ਼ਿਲਮ ਬਣਾਉਣ ਦੀ ਪੇਸ਼ਕਸ਼ ਕੀਤੀ, ਜਿਸ ਦਾ ਬਜਟ 4 ਕਰੋੜ 68 ਲੱਖ ਰੁਪਏ ਸੀ। ਫ਼ਿਲਮ ਦੇ ਨਿਰਮਾਣ ਲਈ ਉਨ੍ਹਾਂ ਦੋਵਾਂ ਵੱਲੋਂ ਖਰਚਾ ਅੱਧਾ ਅੱਧਾ ਕੀਤਾ ਜਾਣਾ ਸੀ।
ਸ਼ਿਕਾਇਤਕਰਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਹਿੱਸੇ ਦੇ 2 ਕਰੋੜ 36 ਲੱਖ ਚੈਕ ਰਾਹੀਂ ਅਦਾ ਕੀਤੇ ਪਰ ਹਰਭਜਨ ਮਾਨ ਨੇ ਧੇਲੀ ਨਹੀਂ ਲਗਾਈ ਅਤੇ ਫ਼ਿਲਮ ਨੂੰ ਘੱਟ ਬਜਟ ਵਿੱਚ ਹੀ ਤਿਆਰ ਕਰ ਲਿਆ ਗਿਆ। ਇਸ ਦੇ ਨਾਲ ਹੀ ਸਮਝੌਤੇ ਮੁਤਾਬਕ ਹਰ ਮਹੀਨੇ ਹਿਸਾਬ ਵੀ ਨਹੀਂ ਦਿੱਤਾ ਗਿਆ ਅਤੇ ਟਾਲ ਮਟੋਲ ਕਰਦਾ ਆ ਰਿਹਾ ਹੈ। ਅਖ਼ਿਰਕਾਰ ਹੁਣ ਉਨ੍ਹਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ।

ਹੋਰ ਪੜ੍ਹੋ: ਰਿਤਿਕ ਰੌਸ਼ਨ ਦੇ ਬੱਚਿਆਂ ਨਾਲ ਪੋਜ਼ ਦਿੰਦੀ ਨਜ਼ਰ ਆਈ ਉਨ੍ਹਾਂ ਦੀ ਗਰਲਫ੍ਰੈਂਡ ਸਬਾ, ਦੇਖੋ ਤਸਵੀਰ
ਫਿਲਹਾਲ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਹਰਭਜਨ ਮਾਨ ਜਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਜਾਣਕਾਰੀ ਜਾਂ ਜਵਾਬ ਨਹੀਂ ਦਿੱਤਾ ਗਿਆ ਹੈ।