ਐਮੀ ਵਿਰਕ ਦੀ ਬਾਲੀਵੁੱਡ ਫ਼ਿਲਮ '83' ਦਾ ਲੰਡਨ 'ਚ ਸ਼ੂਟ ਹੋਇਆ ਪੂਰਾ, ਹੁਣ ਭਾਰਤ 'ਚ ਇਹ ਸੀਨ ਹੋਣਗੇ ਸ਼ੂਟ
ਫ਼ਿਲਮ '83' ਕਬੀਰ ਖ਼ਾਨ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਅਜਿਹੀ ਸਪੋਰਟਸ ਡਰਾਮਾ ਫ਼ਿਲਮ ਜਿਹੜੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਹਿੱਟ ਸਾਬਿਤ ਹੋ ਰਹੀ ਹੈ। ਦਰਸ਼ਕਾਂ ਨੂੰ ਫ਼ਿਲਮ ਦੇ ਸੈੱਟ ਤੋਂ ਤਸਵੀਰਾਂ ਅਤੇ ਵੀਡੀਓਜ਼ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਰਣਵੀਰ ਸਿੰਘ ਸਟਾਰਰ ਇਸ ਫ਼ਿਲਮ ਦਾ ਪਿਛਲੇ ਤਿੰਨ ਮਹੀਨੇ ਤੋਂ ਲੰਡਨ 'ਚ ਸ਼ੂਟ ਚੱਲ ਰਿਹਾ ਸੀ ਜਿਹੜਾ ਕਿ ਹੁਣ ਪੂਰਾ ਹੋ ਚੁੱਕਿਆ ਹੈ। ਹੁਣ ਫ਼ਿਲਮ ਦਾ ਸ਼ੂਟ ਮੁੰਬਈ 'ਚ ਸ਼ੁਰੂ ਹੋਣ ਜਾ ਰਿਹਾ ਹੈ। ਮੁੰਬਈ 'ਚ ਫ਼ਿਲਮ ਦਾ ਸ਼ੂਟ 10 ਸਤੰਬਰ ਯਾਨੀ ਮੰਗਲਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸ਼ੂਟ ਤਕਰੀਬਨ 3 ਹਫ਼ਤਿਆਂ ਤੱਕ ਚੱਲੇਗਾ।
ਲੰਡਨ 'ਚ ਫ਼ਿਲਮ ਦਾ ਸ਼ੂਟ ਖਤਮ ਹੋਣ 'ਤੇ ਫ਼ਿਲਮ ਨਿਰਦੇਸ਼ਕ ਕਬੀਰ ਖ਼ਾਨ ਦਾ ਕਹਿਣਾ ਹੈ 'ਲੰਡਨ 'ਚ ਸ਼ੂਟਿੰਗ ਪੂਰੀ ਕਰਨਾ ਵਰਲਡ ਕੱਪ ਜਿੱਤਣ ਦੇ ਸਮਾਨ ਹੈ। ਹੁਣ ਅਸੀਂ ਆਪਣੀ ਪੂਰੀ ਟੀਮ ਦੇ ਨਾਲ ਫ਼ਿਲਮ ਦੀ ਸ਼ੂਟਿੰਗ ਮੁੰਬਈ 'ਚ ਸ਼ੁਰੂ ਕਰਨ ਜਾ ਰਹੇ ਹਾਂ। ਇਸ ਦੌਰਾਨ ਅਸੀਂ ਹੁਣ ਅਜਿਹੇ ਸੀਨ ਫ਼ਿਲਮਾਉਣ ਜਾ ਰਹੇ ਹਾਂ ਜਿੰਨ੍ਹਾਂ ਨੂੰ ਲੰਡਨ 'ਚ ਫ਼ਿਲਮਾਇਆ ਨਹੀਂ ਜਾ ਸਕਿਆ ਇਸ ਲਈ ਸਪੈਸ਼ਲ ਸੈੱਟ ਤਿਆਰ ਕੀਤੇ ਗਏ ਹਨ।
ਕ੍ਰਿਕੇਟ ਮੈਚ ਦੇ ਸੀਨ ਅਸੀਂ ਲੰਡਨ 'ਚ ਹੀ ਫ਼ਿਲਮਾ ਲਏ ਹਨ। ਕਲਾਕਾਰਾਂ ਨਾਲ ਫ਼ਿਲਮ ਦੇ ਕੁਝ ਹੀ ਸੀਨ ਬਾਕੀ ਹਨ। ਇਸ ਤੋਂ ਬਾਅਦ ਅਸੀਂ ਅਜਿਹੇ ਸੀਨ ਫ਼ਿਲਮਾਵਾਂਗੇ ਜਿੰਨ੍ਹਾਂ 'ਚ ਦਿਖਾਇਆ ਜਾਵੇਗਾ ਕਿ ਮੈਚ ਜਿੱਤਣ ਤੋਂ ਬਾਅਦ ਦੇਸ਼ ਵਾਸੀਆਂ ਦਾ ਕੀ ਰੀਐਕਸ਼ਨ ਸੀ।'
ਦੱਸ ਦਈਏ ਇਸ ਫ਼ਿਲਮ 'ਚ ਰਣਵੀਰ ਸਿੰਘ ਅਤੇ ਦੀਪਿਕਾ ਇਕੱਠੇ ਨਜ਼ਰ ਆਉਣਗੇ। ਇਹਨਾਂ ਤੋਂ ਇਲਾਵਾ ਫ਼ਿਲਮ 'ਚ ਐਮੀ ਵਿਰਕ ਜਿਹੜੇ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਪੰਜਾਬੀ ਗਾਇਕ ਹਾਰਡੀ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਕਈ ਨਾਮੀ ਚਿਹਰੇ ਨਜ਼ਰ ਆਉਣਗੇ। ਭਾਰਤ ਦੀ ਇਤਿਹਾਸਿਕ ਜਿੱਤ 'ਤੇ ਫ਼ਿਲਮਾਈ ਜਾ ਰਹੀ ਇਹ ਫ਼ਿਲਮ ਜ਼ਾਹਿਰ ਹੈ ਹਰ ਕਿਸੇ ਨੂੰ ਭਾਵੁਕ ਕਰ ਦੇਵਗੀ।