ਅਦਾਕਾਰੀ ਦੇ ਖੇਤਰ 'ਚ ਕਦਮ ਰੱਖਣ ਤੋਂ ਪਹਿਲਾਂ, ਪੰਜਾਬ ਪੁਲਿਸ 'ਚ ਇਹ ਕੰਮ ਕਰਦੇ ਸਨ ਬੀ ਐੱਨ ਸ਼ਰਮਾ
ਬੀਐੱਨ ਸ਼ਰਮਾ ਜਿਨ੍ਹਾਂ ਨੇ ਅਦਾਕਾਰੀ ਦੇ ਖੇਤਰ 'ਚ ਵੱਡੀਆਂ ਮੱਲਾਂ ਮਾਰੀਆਂ ਹਨ । ਉਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਦਾ ਹਰ ਦੌਰ ਵੇਖਿਆ ਹੈ । ਬ੍ਰਾਹਮਣ ਪਰਿਵਾਰ 'ਚ ਪੈਦਾ ਹੋਏ ਬੀਐੱਨ ਸ਼ਰਮਾ ਉਂਝ ਤਾਂ ਦਿੱਲੀ ਦੇ ਰਹਿਣ ਵਾਲੇ ਸਨ ਪਰ ਉਨ੍ਹਾਂ ਦਾ ਜਨਮ ਉਨ੍ਹਾਂ ਦੇ ਨਾਨਕੇ ਪਿੰਡ ਤਖਤਗੜ੍ਹ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਸਥਿਤ ਹੈ,ਉੱਥੇ ਹੋਇਆ ਸੀ ।
ਹੋਰ ਵੇਖੋ:ਹੁਣ ਅਲਫਾਜ਼ ਬਣਨ ਜਾ ਰਹੇ ਹਨ ‘ਵੱਡਾ ਕਲਾਕਾਰ’ ,ਦੇਖੋ ਵੀਡੀਓ
ਐਕਟਿੰਗ ਪ੍ਰਤੀ ਬੀਐੱਨ ਸ਼ਰਮਾ ਨੂੰ ਏਨਾ ਲਗਾਅ ਸੀ ਕਿ ਬਚਪਨ 'ਚ ਹੀ ਇਹ ਗੁਰ ਉਨ੍ਹਾਂ 'ਚ ਦਿਖਾਈ ਦਿੰਦਾ ਸੀ । ਉਨ੍ਹਾਂ ਦੇ ਮਾਪੇ ਚਾਹੁੰਦੇ ਸਨ ਕਿ ਉਹ ਇੰਜੀਨੀਅਰ ਬਣਨ ਜਿਸ ਲਈ ਦਿਆਲ ਸਿੰਘ ਕਾਲਜ 'ਚ ਉਨ੍ਹਾਂ ਦੀ ਅਡਮੀਸ਼ਨ ਕਰਵਾ ਦਿੱਤੀ ਗਈ ਪਰ ਬੀਐੱਨ ਸ਼ਰਮਾ ਦੀ ਰੂਚੀ ਤਾਂ ਫ਼ਿਲਮਾਂ ਅਤੇ ਐਕਟਿੰਗ ਕਰਨ 'ਚ ਸੀ । ਜਿਸ ਕਾਰਨ ਉਹ ਘਰੋਂ ਭੱਜ ਕੇ ਆਪਣੇ ਨਾਨਕੇ ਪਿੰਡ ਆ ਗਏ ਅਤੇ ਨਾਨਕਿਆਂ ਨੇ ਉਨ੍ਹਾਂ ਨੂੰ ਪੁਲਿਸ 'ਚ ਭਰਤੀ ਕਰਵਾ ਦਿੱਤਾ ।
ਜਿੱਥੇ ਉਨ੍ਹਾਂ ਨੇ ਵਾਇਰਲੈੱਸ ਅਪ੍ਰੇਟਰ ਦੀ ਨੌਕਰੀ ਕੀਤੀ । ਪਰ ਫਿਰ ਪੁਲਿਸ 'ਚ ਨੌਕਰੀ ਕਰਨ ਦੌਰਾਨ ਹੀ ਉਨ੍ਹਾਂ ਨੇ ਵੱਡੇ ਅਫ਼ਸਰਾਂ ਕੋਲ ਅੱਗੇ ਪੜ੍ਹਨ ਦੀ ਇਜਾਜ਼ਤ ਲੈ ਕੇ ਇਵਨਿੰਗ ਕਾਲਜ 'ਚ ਕਲਾਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ।ਕਾਲਜ ਦੀ ਪੜ੍ਹਾਈ ਦੌਰਾਨ ਆਪਣੇ ਐਕਟਿੰਗ ਦੇ ਸ਼ੌਂਕ ਨੂੰ ਪੂਰਾ ਕੀਤਾ ਅਤੇ ਇਸੇ ਦੌਰਾਨ ਐਕਟਿੰਗ 'ਚ ਉਨ੍ਹਾਂ ਨੇ ਕਈ ਮੈਡਲ ਜਿੱਤੇ ।
ਇਸੇ ਦੌਰਾਨ ਹੀ ਉਨ੍ਹਾਂ ਨੇ ਥੀਏਟਰ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ ।ਇਸੇ ਦੌਰਾਨ ਹੀ ਉਨ੍ਹਾਂ ਨੂੰ ਬਿਨਾਂ ਕਿਸੇ ਆਡੀਸ਼ਨ ਤੋਂ ਜੇਬ ਕਤਰਾ ਨਾਟਕ 'ਚ ਦੂਰਦਰਸ਼ਨ 'ਤੇ ਕੰਮ ਕਰਨ ਦਾ ਮੌਕਾ ਮਿਲਿਆ ।ਇਸ ਤੋਂ ਬਾਅਦ ਬੀਐੱਨ ਸ਼ਰਮਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਫਿਰ ਉਨ੍ਹਾਂ ਦੀ ਪਹਿਲੀ ਫ਼ਿਲਮ ਆਈ ਵਿਸਾਖੀ ।
ਉਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਦਾ ਹਰ ਦੌਰ ਵੇਖਿਆ ਹੈ ਅਤੇ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਨ੍ਹਾਂ ਨੂੰ ਪ੍ਰੋਡਿਊਸਰ ਰੋਲ ਦੇਣ ਤੋਂ ਪਹਿਲਾਂ ਪੁੱਛਦੇ ਸਨ ਕਿ ਉਨ੍ਹਾਂ ਕੋਲ ਕਾਲੇ ਰੰਗ ਦਾ ਕੁੜਤਾ ਚਾਦਰਾ ਹੈ ਜਾਂ ਨਹੀਂ ਇੱਕ ਵਾਰ ਤਾਂ ਕੁੜਤਾ ਚਾਦਰਾ ਨਾ ਹੋਣ 'ਤੇ ਉਨ੍ਹਾਂ ਨੂੰ ਫ਼ਿਲਮ 'ਚ ਰੋਲ ਤੱਕ ਨਹੀਂ ਸੀ ਮਿਲਿਆ ।
ਬੀਐੱਨ ਸ਼ਰਮਾ ਨੇ ਪਾਲੀਵੁੱਡ ਦੀਆਂ ਕਈ ਫ਼ਿਲਮਾਂ ਰੇਡੂਆ,ਵੱਡਾ ਕਲਾਕਾਰ,ਆਸ਼ਕੀ ਨਾਟ ਅਲਾਊਡ,ਗੋਲਕ ਬੁਗਨੀ ਬੈਂਕ 'ਤੇ ਬਟੂਆ,ਭਾਜੀ ਇਨ ਪ੍ਰੋਬਲਮ ਸਣੇ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਨੇ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਉਨ੍ਹਾਂ ਨੇ ਅਦਾਕਾਰੀ ਕੀਤੀ ਹੈ ਅਤੇ ਉਹ ਲਗਾਤਾਰ ਫ਼ਿਲਮਾਂ 'ਚ ਸਰਗਰਮ ਹਨ ।