
Basant Panchami 2023:ਅੱਜ 26 ਜਨਵਰੀ ਨੂੰ ਦੇਸ਼ ਭਰ 'ਚ ਬਸੰਤ ਪੰਚਮੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਹਿੰਦੂ ਧਰਮ ਵਿੱਚ ਇਸ ਤਿਉਹਾਰ ਦੀ ਵਿਸ਼ੇਸ਼ ਮਾਨਤਾ ਹੈ। ਬਸੰਤ ਪੰਚਮੀ ਦੇ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ।ਅੱਜ ਦੇਸ਼ ਭਰ ਵਿੱਚ ਮਾਂ ਸਰਸਵਤੀ ਨੂੰ ਸਮਰਪਿਤ ਤਿਉਹਾਰ ਬਸੰਤ ਪੰਚਮੀ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਬਾਗੀਸ਼ਵਰੀ ਜਯੰਤੀ ਅਤੇ ਸ਼੍ਰੀ ਪੰਚਮੀ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦਿਨ ਮਾਤਾ ਸਰਸਵਤੀ ਦਾ ਪ੍ਰਕਾਸ਼ ਹੋਇਆ ਸੀ, ਜਿਸ ਕਾਰਨ ਇਹ ਤਿਉਹਾਰ ਬਸੰਤ ਪੰਚਮੀ ਵਜੋਂ ਮਨਾਇਆ ਜਾਂਦਾ ਹੈ।

ਬਸੰਤ ਪੰਚਮੀ ਦੇ ਦਿਨ ਕਿਉਂ ਕੀਤੀ ਜਾਂਦੀ ਹੈ ਮਾਂ ਸਰਸਵਤੀ ਦੀ ਪੂਜਾ
ਇਹ ਤਿਉਹਾਰ ਮਾਘ ਮਹੀਨੇ ਦੇ ਸ਼ੁਕਲ ਪੱਖ ਦੇ ਪੰਜਵੇਂ ਦਿਨ ਬਸੰਤ ਪੰਚਮੀ (Basant Panchami ) ਵਜੋਂ ਮਨਾਇਆ ਜਾਂਦਾ ਹੈ। ਇਸ ਵਿਸ਼ੇਸ਼ ਤਿਉਹਾਰ ਵਿੱਚ ਵਿੱਦਿਆ ਅਤੇ ਕਲਾ ਦੀ ਦੇਵੀ, ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਮਾਂ ਸਰਸਵਤੀ ਦੀ ਪੂਜਾ ਦਾ ਖ਼ਾਸ ਮਹੱਤਵ ਹੈ।ਅਜਿਹਾ ਕਿਹਾ ਜਾਂਦਾ ਹੈ ਕਿ ਜੇਕਰ ਬਸੰਤ ਪੰਚਮੀ ਦੇ ਦਿਨ ਵਿਦਿਆਰਥੀ ਮਾਂ ਸਰਸਵਤੀ ਦੀ ਪੂਰੇ ਦਿਲ ਨਾਲ ਪੂਜਾ ਕਰਦੇ ਹਨ ਤਾਂ ਉਨ੍ਹਾਂ ਨੂੰ ਮਾਂ ਸਰਸਵਤੀ ਦਾ ਆਸ਼ੀਰਵਾਦ ਮਿਲਦਾ ਹੈ। ਉਨ੍ਹਾਂ ਦੀ ਬੁੱਧੀ ਅਤੇ ਗਿਆਨ ਦਾ ਵਿਕਾਸ ਹੋਵੇਗਾ। ਇਸ ਸ਼ੁਭ ਯੋਗ ਵਿੱਚ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਨਾ, ਗੁਰੂਮੰਤਰ ਦੀ ਪ੍ਰਾਪਤੀ, ਵਰਖਾ, ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨਾ ਵੀ ਸ਼ੁਭ ਹੋਵੇਗਾ।
ਧਾਰਮਿਕ ਅਸਥਾਨਾਂ 'ਤੇ ਲੱਗਦੇ ਨੇ ਮੇਲੇ
ਇਸ ਦਿਨ ਕਈ ਮੇਲੇ ਲੱਗਦੇ ਹਨ ਅਤੇ ਲੋਕ ਧਾਰਮਿਕ ਅਸਥਾਨਾਂ 'ਤੇ ਜਾ ਕੇ ਮੱਥਾ ਟੇਕਦੇ ਹਨ । ਇਸ ਤੋਂ ਇਲਾਵਾ ਪੀਲੇ ਰੰਗ ਦੇ ਚੌਲ ਬਣਾਏ ਜਾਂਦੇ ਹਨ । ਕੁੜੀਆਂ ਪੀਲੇ ਰੰਗ ਦੇ ਕੱਪੜੇ ਪਾਉਂਦੀਆਂ ਹਨ ਅਤੇ ਮੁੰਡੇ ਪੀਲੇ ਰੰਗ ਦੀਆਂ ਦਸਤਾਰਾਂ ਸਜਾਉਂਦੇ ਹਨ ।

ਬਸੰਤ ਪੰਚਮੀ ਮੌਕੇ ਸ਼ੁਭ ਯੋਗ
ਇਸ ਸਾਲ ਬਸੰਤ ਪੰਚਮੀ ਦੇ ਤਿਉਹਾਰ ਵਾਲੇ ਦਿਨ ਚਾਰ ਸ਼ੁਭ ਯੋਗ ਬਣ ਰਹੇ ਹਨ। ਇਹ ਚਾਰ ਸ਼ੁਭ ਯੋਗ ਸਰਵਰਥ ਸਿੱਧੀ ਯੋਗ, ਰਵੀ ਯੋਗ, ਸ਼ਿਵ ਯੋਗ ਅਤੇ ਸਿੱਧ ਯੋਗ ਹਨ। ਇਸ ਤੋਂ ਇਲਾਵਾ ਇਸ ਦਿਨ ਪੰਚਕ ਵੀ ਹੈ। ਇਸ ਦਿਨ ਭਗਵਾਨ ਸ਼ਿਵ ਕੈਲਾਸ਼ 'ਤੇ ਨਿਵਾਸ ਕਰਨਗੇ। ਆਓ ਜਾਣਦੇ ਹਾਂ ਕਿ ਇਨ੍ਹਾਂ ਸ਼ੁਭ ਯੋਗਾਂ ਦਾ ਸਮਾਂ ਕੀ ਹੈ।
ਸ਼ੁਭ ਯੋਗ ਤੇ ਪੂਜਾ ਦਾ ਮਹੂਰਤ
ਬਸੰਤ ਪੰਚਮੀ ਵਾਲੇ ਦਿਨ ਸ਼ਿਵ ਯੋਗ ਸਵੇਰ ਤੋਂ ਦਿਨ ਦੇ 03:29 ਵਜੇ ਤੱਕ ਰਹੇਗਾ। ਸਰਵਰਥ ਸਿੱਧੀ ਯੋਗ ਅਤੇ ਰਵੀ ਯੋਗ ਸ਼ਾਮ 06:57 ਤੋਂ ਲੈ ਕੇ ਅਗਲੀ ਸਵੇਰੇ 07:12 ਤੱਕ ਦਾ ਹੈ। ਇਸਦੇ ਨਾਲ ਹੀ ਸਿੱਧ ਯੋਗ 27 ਜਨਵਰੀ ਦੀ ਦਿਨ ਦੇ 03:29 ਵਜੇ ਤੋਂ ਲੈ ਕੇ ਰਾਤ ਦੇ 01:22 ਵਜੇ ਤੱਕ ਰਹੇਗਾ।
ਦੱਸ ਦੇਈਏ ਕਿ ਇਸ ਸਾਲ ਬਸੰਤ ਪੰਚਮੀ ਦੇ ਦਿਨ ਮਾਂ ਸਰਸਵਤੀ ਦੀ ਪੂਜਾ ਦਾ ਸ਼ੁਭ ਮਹੂਰਤ ਸਵੇਰੇ 07:12 ਵਜੇ ਤੋਂ ਲੈ ਕੇ ਦੁਪਿਹਰ ਦੇ 12:34 ਵਜੇ ਤੱਕ ਹੈ। ਇਸ ਸਮੇਂ ਦੌਰਾਨ ਮਾਂ ਸਰਸਵਤੀ ਦੀ ਪੂਜਾ ਕਰਨ ਨਾਲ ਤੁਹਾਨੂੰ ਮਾਂ ਸਰਸਵਤੀ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੋਵੇਗੀ।
ਰਾਜ ਪੰਕਜ ਦਾ ਮਹੱਤਵ
ਇਸ ਸਾਲ ਬਸੰਤ ਪੰਚਮੀ ਦੇ ਤਿਉਹਾਰ ਉੱਤੇ ਰਾਜ ਪੰਕਜ ਦਾ ਵੀ ਸ਼ੁਭ ਯੋਗ ਬਣ ਰਿਹਾ ਹੈ। ਆਰਥਿਕਤਾ ਲਈ ਰਾਜ ਪੰਕਜ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਧੰਨ ਸੰਪੱਤੀ ਵਿੱਚ ਵਾਧਾ ਹੁੰਦਾ ਹੈ ਅਤੇ ਆਰਥਿਕਤਾ ਨਾਲ ਸੰਬੰਧਿਤ ਸਮੱਸਿਆਵਾਂ ਦੂਰ ਹੁੰਦੀਆਂ ਹਨ। ਰਾਜ ਪੰਕਜ ਦੇ ਮੌਕੇ ਰਾਜਅਭਿਸ਼ੇਕ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।

ਹੋਰ ਪੜ੍ਹੋ: ਗਣਤੰਤਰ ਦਿਵਸ 2023 : ਇਨ੍ਹਾਂ ਪਿਆਰੇ ਸੁਨੇਹਿਆਂ ਦੇ ਨਾਲ ਭੇਜੋ ਗਣਤੰਤਰ ਦਿਵਸ ਦੀ ਵਧਾਈ
ਸ਼ਿਵਵਾਸ ਦਾ ਮਹੱਤਵ
ਇਸ ਸਾਲ ਬਸੰਤ ਪੰਚਮੀ ਮੌਕੇ ਹੋਰ ਕਈ ਸ਼ੁਭ ਯੋਗਾਂ ਦੇ ਨਾਲ ਨਾਲ ਸ਼ਿਵਵਾਸ ਦਾ ਵੀ ਸ਼ੁਭ ਯੋਗ ਹੈ। ਇਸ ਮੌਕੇ ਸ਼ਿਵਵਾਸ ਦਾ ਸ਼ੁਭ ਸਮਾਂ 10:28 ਵਜੇ ਤੱਕ ਹੈ। ਇਸ ਸਮੇਂ ਕੈਲਾਸ਼ ਪਰਬਰ ਉੱਤੇ ਭਗਵਾਨ ਸ਼ਿਵ ਦਾ ਵਾਸ ਹੋਵੇਗਾ। ਸ਼ਿਵਵਾਸ ਦੇ ਮੌਕੇ ਉੱਤੇ ਰੁਦਰਅਭਿਸ਼ੇਕ ਕੀਤਾ ਜਾਂਦਾ ਹੈ। ਇਸ ਮੌਕੇ ਰੁਦਰਅਭਿਸ਼ੇਕ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਤੁਸੀਂ ਵੀ ਬਸੰਤ ਪੰਚਮੀ ਮੌਕੇ ਸ਼ਿਵਵਾਸ ਦੇ ਸ਼ੁਭ ਮਹੂਰਤ ਵਿੱਚ ਰੁਦਰਅਭਿਸ਼ੇਕ ਕਰ ਸਕਦੇ ਹੋ।