
Chhalla Mud Ke Nahi Aaya Title Song: ਗਾਇਕ ਅਤੇ ਐਕਟਰ ਅਮਰਿੰਦਰ ਗਿੱਲ ਜੋ ਕਿ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ਦੇ ਕਾਰਨ ਚਰਚਾ 'ਚ ਬਣੇ ਹੋਏ ਹਨ। ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਫ਼ਿਲਮ ਨੂੰ ਲੈ ਕੇ ਕਾਫੀ ਜ਼ਿਆਦਾ ਉਤਸੁਕ ਹਨ। ਹੁਣ ਫ਼ਿਲਮ ਦਾ ਟਾਈਟਲ ਟਰੈਕ ਵੀ ਰਿਲੀਜ਼ ਹੋ ਗਿਆ ਹੈ।


ਲੋਕ ਗੀਤ ਛੱਲਾ ਜਿਸ ਨੂੰ ਪਹਿਲਾਂ ਵੀ ਬਹੁਤ ਸਾਰੇ ਗਾਇਕ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰ ਚੁੱਕੇ ਹਨ। ਪਰ ਇਸ ਵਾਰ ਅਮਰਿੰਦਰ ਗਿੱਲ ਨੇ ਆਪਣੀ ਗਾਇਕੀ ਦੇ ਨਾਲ ‘ਛੱਲਾ’ ਗੀਤ ਨੂੰ ਇੱਕ ਨਵਾਂ ਮੁਕਾਮ ਦੇ ਦਿੱਤਾ ਹੈ। ਜੀ ਹਾਂ ‘ਛੱਲਾ ਮੁੜ ਕੇ ਨਹੀਂ ਆਇਆ’ ਦਾ ਟਾਈਟਲ ਟਰੈਕ ਗਾਇਕ ਅਮਰਿੰਦਰ ਗਿੱਲ ਦੀ ਆਵਾਜ਼ 'ਚ ਹੀ ਰਿਲੀਜ਼ ਹੋਇਆ ਹੈ।
ਇਸ ਗੀਤ ਦੇ ਬੋਲ ਬੀਰ ਸਿੰਘ ਨੇ ਲਿਖੇ ਨੇ। ਜਿਸ 'ਚ ਉਨ੍ਹਾਂ ਨੇ ਪੰਜਾਬੀ ਮਾਵਾਂ ਦੀਆਂ ਕੁਰਬਾਨੀਆਂ ਤੇ ਮਜ਼ਬੂਰੀਆਂ ਕਰਕੇ ਪ੍ਰਦੇਸ਼ਾਂ ‘ਚ ਮਿੱਟੀ ਨਾਲ ਮਿੱਟੀ ਹੁੰਦੇ ਪੰਜਾਬੀ ਗੱਭਰੂਆਂ ਦੇ ਹਾਲਾਤਾਂ ਨੂੰ ਬਿਆਨ ਕੀਤਾ ਹੈ। ਇਸ ਗੀਤ ਨੂੰ Lowkey ਨੇ ਮਿਊਜ਼ਿਕ ਦਿੱਤਾ ਹੈ। ਇਸ ਗੀਤ ਨੂੰ Rhythm Boyz ਦੇ ਯੂਟਿਊਬ ਚੈਨਲ ਉੱਤੇ ਆਡੀਓ ਟਰੈਕ ‘ਚ ਰਿਲੀਜ਼ ਕੀਤਾ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਫ਼ਿਲਮ ਰਿਦਮ ਬੁਆਏਜ਼ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਹੈ, ਜਿਸ ਵਿੱਚ ਅਮਰਿੰਦਰ ਗਿੱਲ, ਸਰਗੁਣ ਮਹਿਤਾ, ਸਿਡਨੀ ਐਬਰਵਿਨ, ਬਿਨੂੰ ਢਿੱਲੋਂ, ਕਰਮਜੀਤ ਅਨਮੋਲ, ਰਾਜ ਕਾਕੜਾ ਤੇ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ, ਜਦਕਿ ਫ਼ਿਲਮ ‘ਚ ਨਿਰਦੇਸ਼ਨ ਖੁਦ ਅਮਰਿੰਦਰ ਗਿੱਲ ਦੇ ਰਹੇ ਹਨ। ਇਹ ਫ਼ਿਲਮ ਇਸੇ ਹਫਤੇ 29 ਜੁਲਾਈ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।