
Kangana Ranaut ਆਪਣੇ ਬਿਆਨ ਕਰਕੇ ਇੱਕ ਵਾਰ ਫਿਰ ਵਿਵਾਦਾਂ ਵਿੱਚ ਫਸ ਗਈ ਹੈ । ਉਸ ਦੇ ਬਿਆਨ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਭਾਰਤ ਨੂੰ ਅਸਲ ਆਜ਼ਾਦੀ ਸਾਲ 2014 ਵਿੱਚ ਮਿਲੀ ਜਦੋਂ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੋਂਦ ’ਚ ਆਈ, ਜਦੋਂ ਕਿ ਉਸ ਨੇ 1947 ਵਿੱਚ ਮੁਲਕ ਨੂੰ ਮਿਲੀ ਆਜ਼ਾਦੀ ਨੂੰ ‘ਭੀਖ’ ਆਖ ਦਿੱਤਾ । ਕੰਗਣਾ ਦੇ ਇਸ ਬਿਆਨ ਤੋਂ ਬਾਅਦ ਉਸ ਦਾ ਦੇਸ਼ ਭਰ ਵਿੱਚ ਵਿਰੋਧ ਹੋਣ ਲੱਗਾ ਹੈ । ਉਸ ਤੋਂ ਪਦਮਸ੍ਰੀ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ :
ਅੰਮ੍ਰਿਤਾ ਰਾਓ ਨੇ ਦੱਸਿਆ ਪਤੀ ਆਰ ਜੇ ਅਨਮੋਲ ਨੇ ਕਿਸ ਤਰ੍ਹਾਂ ਲਾਈਵ ਰੇਡੀਓ ‘ਤੇ ਕੀਤਾ ਸੀ ਪ੍ਰਪੋਜ਼, ਵੀਡੀਓ ਕੀਤਾ ਸਾਂਝਾ

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਮੁੰਬਈ ਪੁਲਿਸ ਕੋਲ ਅਦਾਕਾਰਾ ਖ਼ਿਲਾਫ਼ ਦੇਸ਼ ਵਿਰੋਧੀ ਤੇ ਭੜਕਾਊ ਟਿੱਪਣੀਆਂ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਐਮਪੀ ਵਰੁਣ ਗਾਂਧੀ ਸਮੇਤ ਵੱਡੀ ਗਿਣਤੀ ਲੋਕਾਂ ਨੇ ਸੋਸ਼ਲ ਮੀਡੀਆ ਉੱਪਰ ਰਣੌਤ ਦੀਆਂ ਟਿੱਪਣੀਆਂ ’ਤੇ ਡੂੰਘਾ ਇਤਰਾਜ਼ ਜ਼ਾਹਰ ਕੀਤਾ। ਭਾਜਪਾ ਦੇ ਪੀਲੀਭੀਤ ਤੋਂ ਐਮਪੀ ਵਰੁਣ ਗਾਂਧੀ ਨੇ ਟਵਿਟਰ ’ਤੇ Kangana Ranaut ਦੀ 24 ਸਕਿੰਟ ਦੀ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਉਹ ਇੱਕ ਨਵੇਂ ਚੈਨਲ ਵੱਲੋਂ ਕਰਵਾਏ ਸ਼ੋਅ ਵਿੱਚ ਬਿਆਨ ਦੇ ਰਹੀ ਹੈ ਤੇ ਸਰੋਤਿਆਂ ’ਚ ਬੈਠੇ ਕੁਝ ਲੋਕ ਤਾੜੀਆਂ ਵਜਾ ਰਹੇ ਹਨ।

ਵਰੁਣ ਗਾਂਧੀ ਨੇ ਕਿਹਾ,‘ਇਹ ਦੇਸ਼ ਵਿਰੋਧੀ ਕਾਰਾ ਹੈ ਤੇ ਇਸ ਨੂੰ ਇਹੀ ਆਖਣਾ ਚਾਹੀਦਾ ਹੈ। ਅਜਿਹਾ ਨਾ ਕਰਨਾ ਉਨ੍ਹਾਂ ਸਾਰਿਆਂ ਨਾਲ ਧੋਖਾ ਹੋਵੇਗਾ ਜਿਨ੍ਹਾਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਖ਼ੂਨ ਵਹਾਇਆ।’ ਕਾਂਗਰਸ ਦੇ ਸਲਮਾਨ ਨਿਜ਼ਾਮੀ ਨੇ ਕਿਹਾ,‘ਇਹ ਬਿਆਨ ਸਾਡੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਹੈ ਜਿਨ੍ਹਾਂ ਭਾਰਤ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।’ ਇਸ ਸਭ ਨੂੰ ਦੇਖ ਦੇ ਹੋਏ ਕੰਗਨਾ ਵੀ ਆਪਣੇ ਇੰਸਟਾਗ੍ਰਾਮ ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ । Kangana Ranaut ਨੇ ਲਿਖਿਆ ਹੈ ਉਹ ਆਪਣਾ ਪਦਮ ਸ਼੍ਰੀ ਵਾਪਿਸ ਕਰਨ ਲਈ ਤਿਆਰ ਹੈ ਜੇਕਰ ਕੋਈ ਸਾਬਿਤ ਕਰੇ ਕਿ ਮੈਂ ਸ਼ਹੀਦਾਂ ਤੇ ਅਜ਼ਾਦੀ ਘੁਲਾਟੀਆਂ ਦਾ ਅਪਮਾਨ ਕੀਤਾ ਹੈ ।