ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ 'ਤੇ ਵਿਸ਼ੇਸ਼

Written by  Lajwinder kaur   |  July 02nd 2022 08:00 AM  |  Updated: July 01st 2022 09:58 PM

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ 'ਤੇ ਵਿਸ਼ੇਸ਼

ਅੱਜ ਦੇਸ਼-ਵਿਦੇਸ਼ਾਂ ‘ਚ ਵੱਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਬਹੁਤ ਹੀ ਉਤਸ਼ਾਹ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ ਮਨਾ ਰਹੀਆਂ ਹਨ। ਇਸ ਮੌਕੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਸੰਗਤਾਂ ਵੱਡੀ ਗਿਣਤੀ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋ ਰਹੀਆਂ ਹਨ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਰਹੀਆਂ ਹਨ।

ਹੋਰ ਪੜ੍ਹੋ : ਦੇਖੋ ਵੀਡੀਓ : ਭਾਈ ਅਮਰਜੀਤ ਸਿੰਘ ਜੀ ਦੀ ਆਵਾਜ਼ ‘ਚ ਨਵਾਂ ਸ਼ਬਦ ‘ਮਿਤ੍ਰ ਪਿਆਰਾ ਨਾਨਕ ਜੀ’ ਹੋਇਆ ਰਿਲੀਜ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਜਿੱਥੇ ਤਖ਼ਤ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਆਰੰਭੇ ਹੋਏ ਸਨ ਉੱਥੇ ਹੀ ਪਾਠ ਦੇ ਭੋਗ ਪਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜੱਥਿਆਂ ਵਲੋਂ ਇਲਾਹੀ ਬਾਣੀ ਦਾ ਸ਼ਬਦ ਕੀਰਤਨ ਕੀਤਾ ਗਿਆ ਤੇ ਕਥਾ ਰਾਹੀਂ ਸੰਗਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ।

akhal takhat amritsar

ਗੁਰੂ ਨਗਰੀ ਯਾਨੀ ਕਿ ਅੰਮ੍ਰਿਤਸਰ 'ਚ ਸਿੱਖਾਂ ਦੇ ਪ੍ਰਮੁੱਖ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਨਮੁੱਖ ਸ੍ਰੀ ਅਕਾਲ ਤਖ਼ਤ ਸਾਹਿਬ ਸਥਾਪਿਤ ਹੈ। ਇਹ ਸਿੱਖਾਂ ਦਾ ਪਹਿਲਾ ਤਖ਼ਤ ਹੈ। ਮੀਰੀ ਪੀਰੀ ਦੇ ਮਾਲਕ ਅਤੇ ਸਿੱਖਾਂ ਦੇ 6ਵੇਂ ਗੁਰੂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1606 ਈ. 'ਚ ਇਸਦੀ ਸਿਰਜਨਾ ਕੀਤੀ ਸੀ।

akal takhat image one

ਪਹਿਲਾਂ ਇਸਦਾ ਨਾਮ ਅਕਾਲ ਬੁੰਗਾ ਸੀ, ਜੋ ਬਾਅਦ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ। 'ਅਕਾਲ ਤਖ਼ਤ' ਸਾਹਿਬ ਦੋ ਸ਼ਬਦਾਂ ਦਾ ਸੁਮੇਲ ਹੈ। 'ਅਕਾਲ' ਭਾਵ ਪ੍ਰਮਾਤਮਾ ਜਿਸ 'ਤੇ ਕਾਲ ਭਾਵ ਸਮੇਂ ਦਾ ਅਸਰ ਨਹੀਂ। 'ਤਖ਼ਤ' ਫਾਰਸੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਸ਼ਾਹੀ ਤਖ਼ਤ ਜਾਂ ਰਾਜ ਸਿੰਘਾਸਨ। ਇਸ ਤਰਾਂ ਅਕਾਲ ਤਖ਼ਤ ਦਾ ਭਾਵ, ਉਹ ਤਖ਼ਤ ਜੋ ਸਦਾ ਕਾਇਮ ਰਹਿਣ ਵਾਲਾ ਹੈ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਿਰਜਤ ਸ੍ਰੀ ਅਕਾਲ ਤਖ਼ਤ ਦੀ ਉਸਾਰੀ ਦਾ ਕਾਰਜ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਕੀਤਾ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸੇ ਤਖ਼ਤ ਤੋਂ ਦੋ ਕਿਰਪਾਨਾਂ 'ਮੀਰੀ' ਤੇ 'ਪੀਰੀ' ਧਾਰਨ ਕੀਤੀਆਂ ਤੇ ਸਿੱਖਾਂ ਨੂੰ ਸਾਧੂ ਬਿਰਤੀ ਦੇ ਨਾਲ ਨਾਲ ਯੋਧਿਆਂ ਵਾਲੀ ਸ਼ਸ਼ਤਰਧਾਰੀ ਬਿਰਤੀ ਨੂੰ ਅਪਨਾਉਣ ਦਾ ਹੁਕਮ ਜਾਰੀ ਕੀਤਾ। ਦੱਸ ਦਈਏ ਹਰ ਸਾਲ ਇਸ ਖ਼ਾਸ ਦਿਨ ਨੂੰ ਬਹੁਤ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network