
Sidharth Malhotra talk about film Mission Majnu : ਫੈਨਜ਼ ਵੱਲੋਂ ਲੰਬਾ ਇੰਤਜ਼ਾਰ ਕਰਨ ਮਗਰੋਂ, 9 ਜਨਵਰੀ ਨੂੰ ਸਿਧਾਰਥ ਮਲਹੋਤਰਾ ਦੀ ਆਉਣ ਵਾਲੀ ਨਵੀਂ ਫ਼ਿਲਮ 'ਮਿਸ਼ਨ ਮਜਨੂੰ' ਦਾ ਟ੍ਰੇਲਰ ਲਾਂਚ ਕੀਤਾ ਗਿਆ ਹੈ। ਹਾਲ ਹੀ ਵਿੱਚ ਸਿਧਾਰਥ ਨੇ ਦੱਸਿਆ ਕਿ ਇਹ ਫ਼ਿਲਮ ਉਨ੍ਹਾਂ ਲਈ ਬੇਹੱਦ ਖ਼ਾਸ ਹੈ। ਆਓ ਜਾਣਦੇ ਹਾਂ ਕਿ ਇਸ ਫ਼ਿਲਮ 'ਚ ਅਜਿਹਾ ਕੀ ਹੈ ਜੋ ਇਹ ਅਦਾਕਾਰ ਦੇ ਦਿਲ ਦੇ ਨੇੜੇ ਹੈ।

ਦੱਸ ਦਈਏ ਕਿ ਇਹ ਫ਼ਿਲਮ ਇੱਕ ਸੱਚੀ ਘਟਨਾ 'ਤੇ ਆਧਾਰਿਤ ਹੋਵੇਗੀ। ਇਸ ਫ਼ਿਲਮ 'ਚ ਸਿਧਾਰਥ ਇੱਕ ਅੰਡਰਕਵਰ ਏਜੰਟ ਦੀ ਭੂਮਿਕਾ 'ਚ ਨਜ਼ਰ ਆਉਣਗੇ। ਟ੍ਰੇਲਰ ਲਾਂਚ ਈਵੈਂਟ 'ਤੇ ਸਿਧਾਰਥ ਮਲਹੋਤਰਾ ਨੇ ਕਿਹਾ ਕਿ ਇਹ ਫ਼ਿਲਮ ਉਨ੍ਹਾਂ ਲਈ ਬਹੁਤ ਖ਼ਾਸ ਹੈ। ਕਿਉਂਕਿ ਇਸ ਫ਼ਿਲਮ 'ਚ ਉਨ੍ਹਾਂ ਨੂੰ ਆਪਣੇ ਆਈਡਲ ਅਮਿਤਾਭ ਬੱਚਨ ਵਾਂਗ ਕੱਪੜੇ ਪਾਉਣ ਅਤੇ ਸਟੰਟ ਕਰਨ ਦਾ ਮੌਕਾ ਮਿਲਿਆ ਹੈ।
ਸਿਧਾਰਥ ਨੇ ਕਿਹਾ ਕਿ ਜਿਸ ਤਰ੍ਹਾਂ ਅਮਿਤਾਭ ਬੱਚਨ ਨੇ ਫ਼ਿਲਮ ਸ਼ੋਲੇ 'ਚ ਟਰੇਨ 'ਚ ਸਟੰਟ ਕੀਤਾ ਸੀ, ਉਨ੍ਹਾਂ ਨੂੰ ਵੀ ਅਜਿਹਾ ਹੀ ਅਨੁਭਵ ਹੋਇਆ। ਸਿਧਾਰਥ ਮਲਹੋਤਰਾ ਨੇ ਪਹਿਲੀ ਵਾਰ ਕਿਸੇ ਫ਼ਿਲਮ ਲਈ ਟ੍ਰੇਨ 'ਚ ਸਟੰਟ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਇੱਕ ਜਾਸੂਸੀ ਥ੍ਰਿਲਰ ਫ਼ਿਲਮ ਹੈ, ਪਰ ਇਸ ਦੀ ਕਹਾਣੀ ਜੇਮਸ ਬਾਂਡ ਦੀਆਂ ਫ਼ਿਲਮਾਂ ਤੋਂ ਬਿਲਕੁਲ ਵੱਖਰੀ ਹੋਵੇਗੀ।
ਫ਼ਿਲਮ 'ਮਿਸ਼ਨ ਮਜਨੂੰ' 'ਚ ਸਿਧਾਰਥ ਦੇ ਨਾਲ ਰਸ਼ਮਿਕਾ ਮੰਡਾਨਾ ਨਜ਼ਰ ਆਉਣ ਵਾਲੀ ਹੈ। ਪੁਸ਼ਪਾ ਫ਼ਿਲਮ ਤੋਂ ਬਾਅਦ ਰਸ਼ਮਿਕਾ ਮੰਡਾਨਾ ਦੀ ਫੈਨ ਫਾਲੋਇੰਗ ਵੀ ਕਾਫੀ ਵਧ ਗਈ ਹੈ।

ਸਿਧਾਰਥ ਨੇ ਪਹਿਲਾਂ ਇੱਕ ਇੰਟਰਵਿਊ ਵਿੱਚ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਨੇ ਹੀ ਰਸ਼ਮਿਕਾ ਨੂੰ ਫ਼ਿਲਮ ਵਿੱਚ ਕਾਸਟ ਕਰਨ ਦੀ ਸਲਾਹ ਦਿੱਤੀ ਸੀ। ਫ਼ਿਲਮ ਦੇ ਟ੍ਰੇਲਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਸ਼ਮਿਕਾ ਅਤੇ ਸਿਧਾਰਥ ਦੀ ਕੈਮਿਸਟਰੀ ਨੂੰ ਵੀ ਲੋਕ ਕਾਫੀ ਪਸੰਦ ਕਰ ਰਹੇ ਹਨ। ਪ੍ਰਸ਼ੰਸਕ ਹੁਣ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਹੋਰ ਪੜ੍ਹੋ: ਡਰੈਸਿੰਗ ਸੈਂਸ ਲਈ ਟ੍ਰੋਲ ਹੋਈ ਏਕਤਾ ਕਪੂਰ, ਨੈਟੀਜ਼ਨਸ ਨੇ ਕਿਹਾ ਇਹ ਕੱਪੜੇ ਹਨ ਘਰ ਦੇ ਪਰਦੇ ਨਹੀਂ
ਸਿਧਾਰਥ ਮਲਹੋਤਰਾ ਫ਼ਿਲਮ 'ਚ ਅਮਨਦੀਪ ਅਜੀਤਪਾਲ ਸਿੰਘ ਦੇ ਕਿਰਦਾਰ 'ਚ ਨਜ਼ਰ ਆਉਣਗੇ, ਜਿਸ ਨੂੰ ਗੁਪਤ ਮਿਸ਼ਨ ਲਈ ਪਾਕਿਸਤਾਨ ਭੇਜਿਆ ਜਾਂਦਾ ਹੈ। ਇਸ ਦੌਰਾਨ ਉਸਨੂੰ ਪਾਕਿਸਤਾਨ ਦੀ ਇੱਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਹ ਕੁੜੀ ਕੋਈ ਹੋਰ ਨਹੀਂ ਬਲਕਿ ਰਸ਼ਮਿਕਾ ਮੰਡਾਨਾ ਹੈ। ਫ਼ਿਲਮ 'ਚ ਕੁਮੁਦ ਮਿਸ਼ਰਾ, ਸ਼ਾਰੀਬ ਹਾਸ਼ਮੀ ਅਤੇ ਰਜਿਤ ਕਪੂਰ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਸ਼ਾਂਤਨੂ ਬਾਗਚੀ ਦੁਆਰਾ ਨਿਰਦੇਸ਼ਿਤ, ਇਹ ਫਿਲਮ 20 ਜਨਵਰੀ ਨੂੰ ਓਟੀਟੀ ਪਲੇਟਫਾਰਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।