
Sidhu Moose Wala murder case: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲਏ ਜਾਣ ਦੀ ਗੱਲ ਆਖੀ ਸੀ। ਹੁਣ ਇਹ ਖਬਰਾਂ ਆ ਰਹੀਆਂ ਹਨ ਕਿ ਗੈਂਗਸਟਰ ਗੋਲਡੀ ਬਰਾੜ ਨੇ ਮੁੜ ਸਾਹਮਣੇ ਆ ਕੇ ਦਾਅਵਾ ਕੀਤਾ ਹੈ ਕਿ ਉਹ ਕਿਸੇ ਦੀ ਹਿਰਾਸਤ ਵਿੱਚ ਨਹੀਂ ਹੈ ਤੇ ਨਾਂ ਹੀ ਨਜ਼ਰਬੰਦ ਹੈ।

ਦੱਸਣਯੋਗ ਹੈ ਕਿ ਬਰਾੜ ਨੇ ਇੱਕ ਯੂ-ਟਿਊਬ ਪੱਤਰਕਾਰ ਨਾਲ ਇੰਟਰਵਿਊ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਮਰੀਕੀ ਪੁਲਿਸ ਨੇ ਹਿਰਾਸਤ ਵਿੱਚ ਨਹੀਂ ਲਿਆ। ਮੀਡੀਆ ਰਿਪੋਰਟਸ ਦੇ ਮੁਤਾਬਕ ਵੀਡੀਓ ਵਿੱਚ ਆਵਾਜ਼ ਦੀ ਪ੍ਰਮਾਣਿਕਤਾ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ।
ਗੋਲਡੀ ਬਰਾੜ ਦਾ ਕਹਿਣਾ ਹੈ ਕਿ ਸੀਐਮ ਮਾਨ ਵੱਲੋਂ ਉਸ ਦੀ ਹਿਰਾਸਤ ਬਾਰੇ ਕੀਤਾ ਗਿਆ ਦਾਅਵਾ ਝੂਠਾ ਹੈ। ਗੋਲਡੀ ਬਰਾੜ ਨੇ ਕਿਹਾ ਕਿ ਉਹ ਅਮਰੀਕਾ 'ਚ ਵੀ ਨਹੀਂ ਹੈ। ਇਹ ਮਾਨ ਲਈ ਵੱਡੀ ਨਮੋਸ਼ੀ ਵਾਲੀ ਗੱਲ ਸੀ ਕਿ ਉਨ੍ਹਾਂ ਨੇ ਗੁਜਰਾਤ ਵਿੱਚ ਮੀਡੀਆ ਨੂੰ ਦੱਸਿਆ ਸੀ ਕਿ ਬਰਾੜ ਨੂੰ ਅਮਰੀਕਾ ਵਿੱਚ ਨਜ਼ਰਬੰਦ ਕੀਤਾ ਗਿਆ ਹੈ।

ਦੱਸ ਦਈਏ ਕਿ ਮੁੱਖ ਮੰਤਰੀ ਮਾਨ ਦੀ ਮੀਡੀਆ ਟੀਮ, ਜਿਸ ਵਿੱਚ ਪੰਜਾਬ ਦੇ ਆਈਏਐਸ ਅਧਿਕਾਰੀ ਵੀ ਸ਼ਾਮਿਲ ਸਨ, ਉਨ੍ਹਾਂ ਨੇ ਪੱਤਰਕਾਰਾਂ ਨੂੰ ਮਾਨ ਦੀ ਇੱਕ ਮਹੱਤਵਪੂਰਨ ਪ੍ਰੈੱਸ ਕਾਨਫਰੰਸ ਵਿੱਚ ਇਹ ਦੱਸਣ ਲਈ ਕਿਹਾ ਸੀ ਕਿ ਬਰਾੜ ਨੂੰ ਕਿਵੇਂ ਹਿਰਾਸਤ ਵਿੱਚ ਲਿਆ ਗਿਆ ਸੀ।
ਹਾਲਾਂਕਿ ਇਹ ਭਾਰਤ ਸਰਕਾਰ ਅਤੇ ਕੇਂਦਰੀ ਏਜੰਸੀਆਂ ਹੀ ਹਨ ਜੋ ਵਿਦੇਸ਼ਾਂ ਵਿੱਚ ਲੋੜੀਂਦੇ ਭਾਰਤੀ ਅਪਰਾਧੀਆਂ ਦੇ ਕੇਸਾਂ ਨਾਲ ਨਜਿੱਠਦੀਆਂ ਹਨ, ਪਰ ਮੂਸੇਵਾਲਾ ਕੇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਦਾਅਵਿਆਂ ਨੇ ਸੂਬਾ ਪੁਲਿਸ ਨੂੰ ਇੱਕ ਹੋਰ ਝਟਕਾ ਦਿੱਤਾ ਹੈ।

ਜਾਣਕਰੀ ਮੁਤਾਬਕ 2 ਦਸੰਬਰ ਨੂੰ ਪਤਾ ਲੱਗਾ ਸੀ ਕਿ ਗੈਂਗਸਟਰ ਨੂੰ ਅਮਰੀਕੀ ਅਧਿਕਾਰੀਆਂ ਨੇ ਕੈਲੀਫੋਰਨੀਆ ਵਿਖੇ ਹਿਰਾਸਤ 'ਚ ਲਿਆ ਗਿਆ ਸੀ। ਇਸ ਦੌਰਾਨ ਹੋਰਨਾਂ ਸਿਆਸੀ ਆਗੂਆਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਨੇ ਝੂਠ ਬੋਲਿਆ ਹੈ ਕਿ ਗੋਲਡੀ ਬਰਾੜ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।