ਐਮੀ ਵਿਰਕ, ਤਾਨੀਆ ਅਤੇ ਨੂਰ ਚਾਹਲ ਦੀ ਫ਼ਿਲਮ ‘Bajre Da Sitta’ ਦਾ ਟਾਈਟਲ ਟਰੈਕ ਹੋਇਆ ਰਿਲੀਜ਼
Bajre Da Sitta Title Song: ਪੁਰਾਣੇ ਪੰਜਾਬੀ ਗੀਤ ‘ਬਾਜਰੇ ਦਾ ਸਿੱਟਾ’ ਜਿਸ ਨੂੰ ਕਈ ਸਦੀਆਂ ਤੋਂ ਖੂਬ ਪਿਆਰ ਮਿਲ ਰਿਹਾ ਹੈ। ਹੁਣ ਇਸ ਟਾਈਟਲ ਹੇਠ ਇੱਕ ਪੰਜਾਬੀ ਫ਼ਿਲਮ ਵੀ ਆ ਰਹੀ ਹੈ। ਜੀ ਹਾਂ ਐਮੀ ਵਿਰਕ, ਤਾਨੀਆ ਅਤੇ ਨੂਰ ਚਾਹਲ ਦੀ ਆਉਣ ਵਾਲੀ ਪੰਜਾਬੀ ਫ਼ਿਲਮ ਬਾਜਰੇ ਦਾ ਸਿੱਟਾ ਹੈ। ਜਿਸ ਦਾ ਸ਼ਾਨਦਾਰ ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਦੇ ਨਜ਼ਰ ਹੋ ਗਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਟ੍ਰੇਲਰ ਤੋਂ ਬਾਅਦ ਫ਼ਿਲਮ ਦੇ ਟਾਈਟਲ ਟਰੈਕ ਨੂੰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।
ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾਵਾਂ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੇ ਸੁਪਰ ਹਿੱਟ ਗੀਤ ‘ਬਾਜਰੇ ਦਾ ਸਿੱਟਾ’ ਨੂੰ ਮੁੜ ਤੋਂ ਇਸ ਫ਼ਿਲਮ ਦੇ ਰਾਹੀਂ ਰੀਕ੍ਰਿਏਟ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਇਸ ਗੀਤ ਨੂੰ Jyotica Tangri ਤੇ Noor Chahal ਨੇ ਮਿਲਕੇ ਗਾਇਆ ਹੈ। ਇਸ ਗੀਤ ਨੂੰ ਮਿਊਜ਼ਿਕ Jaidev Kumar ਦਿੱਤਾ ਹੈ ਤੇ ਇਸ ਗੀਤ ਦੇ ਬੋਲ ਜੱਸ ਗਰੇਵਾਲ ਨੇ ਲਿਖੇ ਨੇ। ਇਸ ਗੀਤ ਨੂੰ ਤਾਨੀਆ ਅਤੇ ਨੂਰ ਚਾਹਲ ਉੱਤੇ ਫਿਲਮਾਇਆ ਗਿਆ ਹੈ।
ਇਸ ਫਿਲਮ ਦੇ ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਇਹ ਫਿਲਮ 70-80 ਦੇ ਦਹਾਕੇ ‘ਤੇ ਆਧਾਰਿਤ ਹੈ। ਟ੍ਰੇਲਰ ਦੋ ਭੈਣਾਂ, ਤਾਨੀਆ ਅਤੇ ਨੂਰ ਚਾਹਲ ਦੀ ਕਹਾਣੀ ਨੂੰ ਦਰਸਾਉਂਦਾ ਹੈ, ਦੋਵੇਂ ਹੀ ਭੈਣਾਂ ਸੁਰੀਲੀ ਆਵਾਜ਼ ਦੀ ਮਾਲਿਕ ਨੇ, ਜਿਸ ਕਰਕੇ ਇੱਕ ਸੰਗੀਤ ਲੇਬਲ ਦੇ ਮਾਲਕ ਦੋਵਾਂ ਤੋਂ ਗੀਤ ਗਵਾਉਣਾ ਚਾਹੁੰਦੇ ਨੇ। ਉਹ, ਉਨ੍ਹਾਂ ਦੇ ਪਰਿਵਾਰ ਨੂੰ ਬੇਨਤੀ ਕਰਦਾ ਹੈ ਕਿ ਉਹ ਦੋਵਾਂ ਨੂੰ ਗੀਤ ਰਿਕਾਰਡ ਕਰਨ ਦੇਣ।
ਉਨ੍ਹਾਂ ਦਾ ਪਰਿਵਾਰ ਮੰਨ ਜਾਂਦਾ ਹੈ, ਪਰ ਉਸ ਸਮੇਂ ਲੋਕਾਂ ਦੀ ਸੋਚ ਰੂੜੀਵਾਦੀ ਹੁੰਦੀ ਸੀ ਤੇ ਲੋਕ ਗਾਉਣ ਵਜਾਉਣ ਦੇ ਕਿੱਤੇ ਨੂੰ ਵਧੀਆ ਨਹੀਂ ਸੀ ਮੰਨਦੇ। ਜਿਸ ਕਰਕੇ ਪਰਿਵਾਰ ਵਾਲਿਆਂ ਨੂੰ ਪਿੰਡ ਵਾਲੇ ਦੇ ਤਾਅਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਐਮੀ ਵਿਰਕ ਦੀ ਐਂਟਰੀ ਹੁੰਦੀ ਹੈ ਅਤੇ ਉਸ ਦਾ ਵਿਆਹ ਤਾਨੀਆ ਨਾਲ ਹੋ ਜਾਂਦਾ ਹੈ।
ਐਮੀ ਨਾਲ ਵਿਆਹ ਹੋਣ ਤੋਂ ਬਾਅਦ ਤਾਨੀਆ ਦਾ ਗਾਉਣ ਦਾ ਸੁਫ਼ਨਾ ਵੀ ਹੱਥੋਂ ਨਿਕਲ ਜਾਂਦਾ ਹੈ। ਐਮੀ ਵਿਰਕ ਵੀ ਤਾਨੀਆ ਨੂੰ ਗਾਉਣ ਤੋਂ ਸਾਫ ਮਨਾ ਕਰ ਦਿੰਦਾ ਹੈ। ਇਸ ਫ਼ਿਲਮ ਦੀ ਕਹਾਣੀ ਦੋ ਕੁੜੀਆਂ ਦੇ ਸੁਫਨੇ ਦੀ ਹੈ ਜੋ ਕਿ ਗਾਇਕੀ ਨੂੰ ਪਿਆਰ ਕਰਦੀਆਂ ਨੇ ਤੇ ਆਪਣੇ ਇਸ ਹੁਨਰ ਨੂੰ ਜੱਗ ਜ਼ਾਹਿਰ ਕਰਨਾ ਚਾਹੁੰਦੀਆਂ ਨੇ।
ਜੱਸ ਅਗਰਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਇਹ ਫਿਲਮ 15 ਜੁਲਾਈ 2022 ਨੂੰ ਰਿਲੀਜ਼ ਹੋਵੇਗੀ ।ਇਸ ਫ਼ਿਲਮ 'ਚ ਬੀ.ਐੱਨ ਸ਼ਰਮਾ, ਗੱਗੂ ਗਿੱਲ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ ਅਤੇ ਕੋਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਸਿਨੇਮਾ ਘਰਾਂ ‘ਚ ਹੀ ਪਤਾ ਚੱਲ ਪਾਵੇਗਾ ਕਿ ਤਾਨੀਆ ਤੇ ਨੂਰ ਚਾਹਲ ਦਾ ਗਾਇਕੀ ਵਾਲਾ ਸੁਫ਼ਨਾ ਪੂਰਾ ਹੋ ਪਾਉਂਦਾ ਹੈ ਜਾਂ ਨਹੀਂ।