ਬਰਸੀ ‘ਤੇ ਵਿਸ਼ੇਸ਼ : ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਲਈ ਸਰਦੂਲ ਸਿਕੰਦਰ ਨੇ ਕੀਤਾ ਕਰੜਾ ਸੰਘਰਸ਼, ਸਧਾਰਨ ਦਿੱਖ ਕਾਰਨ ਕਈ ਵਾਰ ਗਏ ਸਨ ਠੁਕਰਾਏ
ਸਰਦੂਲ ਸਿਕੰਦਰ (Sardool Sikander) ਨੇ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਕਰੜਾ ਸੰਘਰਸ਼ ਕੀਤਾ ਹੈ।ਉਨ੍ਹਾਂ ਦੀ ਬਰਸੀ 24 ਫਰਵਰੀ ਨੂੰ ਮਨਾਈ ਜਾ ਰਹੀ ਹੈ। ਅੱਜ ਅਸੀਂ ਤੁਹਾਨੂੰ ਉਹਨਾਂ ਦੀ ਪ੍ਰਸਿੱਧ ਐਲਬਮ ‘ਰੋਡਵੇਜ਼ ਦੀ ਲਾਰੀ’ ਬਾਰੇ ਦਿਲਚਸਪ ਕਿੱਸਾ ਤੁਹਾਨੂੰ ਦੱਸਾਂਗੇ । ਜਿਸ ਬਾਰੇ ਸਰਦੂਲ ਸਿਕੰਦਰ ਨੇ ਇੱਕ ਇੰਟਰਵਿਊ ਦੇ ਦੌਰਾਨ ਖੁਲਾਸਾ ਕੀਤਾ ਸੀ। ਇਹ ਗੱਲ 80 ਦੇ ਦਹਾਕੇ ਦੀ ਹੈ । ਜਦੋਂ ਐੱਚ ਐੱਮ ਵੀ ਨਾਮ ਦੀ ਮਿਊਜ਼ਿਕ ਕੰਪਨੀ ਨਾਮੀ ਕੰਪਨੀਆਂ ‘ਚ ਆਉਂਦੀ ਸੀ। ਇਸ ਕੰਪਨੀ ਦੇ ਨਾਲ ਹਰ ਗਾਇਕ ਗੀਤ ਕਰਨਾ ਚਾਹੁੰਦਾ ਸੀ ਅਤੇ ਸਰਦੂਲ ਸਿਕੰਦਰ ਦੀ ਵੀ ਰੀਝ ਸੀ ਕਿ ਇਸ ਕੰਪਨੀ ਦੇ ਨਾਲ ਕੰਮ ਕਰਨ ।
ਸਰਦੂਲ ਸਿਕੰਦਰ ਸੁਰਾਂ ਦੇ ਸਰਤਾਜ ਸਨ । ਪਰ ਇਸ ਦੇ ਬਾਵਜੂਦ ਕਈ ਵਾਰ ਉਨ੍ਹਾਂ ਨੂੰ ਦੁਤਕਾਰਿਆ ਗਿਆ । ਐੱਚ ਐੱਮ ਵੀ ਦੇ ਨਾਲ ਗੀਤ ਕਰਨ ਦੀ ਰੀਝ ਸਰਦੂਲ ਸਿਕੰਦਰ ਦੀ ਵੀ ਸੀ । ਪਰ ਤੰਗੀਆਂ ਤੁਰਸ਼ੀਆਂ ਦੇ ਕਾਰਨ ਉਹ ਬਣ ਠਣ ਕੇ ਨਹੀਂ ਸਨ ਜਾਂਦੇ ਅਤੇ ਉਨ੍ਹਾਂ ਦੀ ਸਾਦਗੀ ਅਤੇ ਸਧਾਰਣ ਦਿੱਖ ਦੇ ਕਾਰਨ ਕਈ ਕੰਪਨੀਆਂ ਨੇ ਉਨ੍ਹਾਂ ਦੇ ਕੰਮ ਨੂੰ ਵੀ ਨਕਾਰ ਦਿੱਤਾ ਸੀ ।
ਸਰਦੂਲ ਸਿਕੰਦਰ ਕੋਲ ਆਪਣੇ ਸੰਘਰਸ਼ ਦੇ ਦਿਨਾਂ ਦੌਰਾਨ ਏਨੇਂ ਪੈਸੇ ਨਹੀਂ ਸਨ ਹੁੰਦੇ ਕਿ ਉਹ ਬੱਸ ‘ਚ ਆਪਣਾ ਕਿਰਾਇਆ ਲਗਾ ਕੇ ਸਫ਼ਰ ਕਰ ਸਕਣ । ਇਸ ਲਈ ਉਹ ਸਵੇਰੇ ਜਿਹੜੀ ਅਖਬਾਰ ਸਪਲਾਈ ਕਰਨ ਦੇ ਲਈ ਟਰੱਕ ਜਾਂ ਫਿਰ ਹੋਰ ਕੋਈ ਵ੍ਹੀਕਲ ਜਾਂਦਾ ਸੀ, ਉਸ ‘ਚ ਬੈਠ ਕੇ ਮਿਊਜ਼ਿਕ ਦੀ ਰਿਕਾਰਡਿੰਗ ਦੇ ਲਈ ਜਾਂਦੇ ਹੁੰਦੇ ਸਨ । ਪਰ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ । ਕੰਪਨੀ ਵਾਲੇ ਇਹ ਕਹਿ ਕੇ ਨਕਾਰ ਦਿੰਦੇ ਸਨ ਕਿ ਉਹ ਨਵੇਂ ਕਲਾਕਾਰਾਂ ਦੇ ਨਾਲ ਜੋਖਮ ਨਹੀਂ ਲੈ ਸਕਦੇ ।
ਪਰ ਖੁਸ਼ਕਿਸਮਤੀ ਦੇ ਨਾਲ ਉਨ੍ਹਾਂ ਦੀ ਜ਼ਿੰਦਗੀ ‘ਚ ਉਹ ਦਿਨ ਵੀ ਆ ਗਿਆ । ਜਿਸ ਦਿਨ ਪ੍ਰਮਾਤਮਾ ਨੇ ਉਨ੍ਹਾਂ ਨੇ ਸੁਣ ਲਈ । ਲੰਚ ਟਾਈਮ ਦੇ ਦੌਰਾਨ ਉਹ ਰਿਕਾਰਡਿੰਗ ਸੈਸ਼ਨ ‘ਚ ਤੂੰਬੀ ਵਜਾਉਣ ਦੇ ਲਈ ਕਿਸੇ ਦੇ ਨਾਲ ਗਏ ਸਨ । ਇਸੇ ਦੌਰਾਨ ਸਰਦੂਲ ਸਿਕੰਦਰ ਨੇ ਗੀਤ ਗਾਉਣਾ ਸ਼ੁਰੂ ਕਰ ਦਿੱਤਾ । ਕੁਝ ਸੰਗੀਤਕਾਰਾਂ ਨੇ ਉਸ ਨੂੰ ਸੁਣਿਆ ਅਤੇ ਪ੍ਰਭਾਵਿਤ ਹੋਏ। ਜਿਸ ਤੋਂ ਬਾਅਦ ਸਰਦੂਲ ਸਿਕੰਦਰ ਨੇ ਆਪਣੀ ਪਹਿਲੀ ਐਲਬਮ ‘ਰੋਡਵੇਜ਼ ਦੀ ਲਾਰੀ’ ਰਿਕਾਰਡ ਕੀਤੀ । ਜੋ ਕਿ ਹਿੱਟ ਸਾਬਿਤ ਹੋਈ ।
-