ਅੱਜ ਹੈ ਅਦਾਕਾਰ ਰਾਜ ਕੁਮਾਰ ਦਾ ਜਨਮ ਦਿਨ, ਇਸ ਵਜ੍ਹਾ ਕਰਕੇ ਫ਼ਿਲਮੀ ਦੁਨੀਆ ਦੇ ਲੋਕ ਉਹਨਾਂ ਤੋਂ ਭੱਜਦੇ ਸਨ ਦੂਰ ਜਾਣੋਂ ਦਿਲਚਸਪ ਕਿੱਸੇ

Written by  Rupinder Kaler   |  October 08th 2019 10:27 AM  |  Updated: October 08th 2019 10:27 AM

ਅੱਜ ਹੈ ਅਦਾਕਾਰ ਰਾਜ ਕੁਮਾਰ ਦਾ ਜਨਮ ਦਿਨ, ਇਸ ਵਜ੍ਹਾ ਕਰਕੇ ਫ਼ਿਲਮੀ ਦੁਨੀਆ ਦੇ ਲੋਕ ਉਹਨਾਂ ਤੋਂ ਭੱਜਦੇ ਸਨ ਦੂਰ ਜਾਣੋਂ ਦਿਲਚਸਪ ਕਿੱਸੇ

ਫ਼ਿਲਮੀ ਦੁਨੀਆ ਦੇ ਸਰਤਾਜ ਅਦਾਕਾਰ ਰਾਜ ਕੁਮਾਰ ਦਾ ਜਨਮ 8 ਅਕਤੂਬਰ 1926 ਨੂੰ ਪਾਕਿਸਤਾਨ ਵਿੱਚ ਇੱਕ ਕਸ਼ਮੀਰੀ ਪੰਡਤ ਪਰਿਵਾਰ ਵਿੱਚ ਹੋਇਆ ਸੀ । ਉਹਨਾਂ ਨੇ ਪਾਕੀਜਾ, ਵਕਤ ਵਰਗੀਆਂ ਕਈ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਉਹਨਾਂ ਨੇ 50 ਦੇ ਦਹਾਕੇ ਤੋਂ ਲੈ ਕੇ 90 ਦੇ ਦਹਾਕੇ ਤੱਕ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਆਖਰੀ ਦਿਨਾਂ ਵਿੱਚ ਉਹਨਾਂ ਨੇ ਸੋਦਾਗਰ ਤੇ ਤਿਰੰਗਾ ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰਕੇ ਇਹ ਸਾਫ ਕਰ ਦਿੱਤਾ ਕਿ ਉਹਨਾਂ ਵਰਗਾ ਅਦਾਕਾਰ ਪੂਰੇ ਬਾਲੀਵੁੱਡ ਵਿੱਚ ਨਹੀਂ ਹੈ । ਰਾਜ ਕੁਮਾਰ ਇੱਕ ਬਿੰਦਾਸ ਅਦਾਕਾਰ ਸਨ । ਉਸ ਜ਼ਮਾਨੇ ਵਿੱਚ ਰਾਜ ਕੁਮਾਰ ਦੀ ਬਹੁਤ ਅਲੋਚਨਾ ਹੁੰਦੀ ਸੀ ਕਿਉਂਕਿ ਉਹ ਆਪਣੇ ਸਮਕਾਲੀ ਅਦਾਕਾਰਾਂ ਦਾ ਮਜ਼ਾਕ ਉਡਾਉਂਦੇ ਸਨ ।

ਸਨਕੀ, ਅੱਖੜ, ਬੇਬਾਕ ਅਤੇ ਮੂੰਹ ਫੱਟ ਇਹ ਸ਼ਬਦ ਬਾਲੀਵੁੱਡ ਵਿੱਚ ਉਸ ਅਦਾਕਾਰ ਰਾਜ ਕੁਮਾਰ ਵਾਸਤੇ ਵਰਤੇ ਜਾਂਦੇ ਸਨ । ਰਾਜਕੁਮਾਰ ਅਪਣੇ ਦੌਰ ਦੇ ਉਹ ਅਦਾਕਾਰ ਸਨ ਜਿੰਨਾਂ ਨੂੰ ਉਹਨਾਂ ਦੇ ਡਾਈਲੌਗ ਅਤੇ ਰੋਅਬ ਵਾਲੀ ਅਵਾਜ਼ ਕਰਕੇ ਜਾਣਿਆ ਜਾਂਦਾ ਹੈ । ਵਿਲੇਨ ਤੇ ਹਮੇਸ਼ਾ ਹਾਵੀ ਰਹਿਣ ਵਾਲੇ ਰਾਜ ਕੁਮਾਰ ਅਜਿਹੇ ਕਲਾਕਾਰ ਸਨ ਜਿਹੜੇ ਕਈ ਵਾਰ ਆਪਣੀਆਂ ਗੱਲਾਂ ਨਾਲ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਲਾਜਵਾਬ ਕਰ ਜਾਂਦੇ ਸਨ । ਰਾਜ ਕੁਮਾਰ ਅਸਲ ਜ਼ਿੰਦਗੀ ਵਿੱਚ ਮਜ਼ਾਕੀਆ, ਸਪੱਸ਼ਟ ਅਤੇ ਹਾਜ਼ਰ ਜਵਾਬ ਸਨ । ਇਸ ਆਰਟੀਕਲ ਵਿੱਚ ਉਹਨਾਂ ਦੀ ਜ਼ਿੰਦਗੀ ਨਾਲ ਜੁੜ ਕੁਝ ਕਿੱਸੇ ਤੁਹਾਨੂੰ ਦੱਸਾਂਗੇ ।

ਜੰਜ਼ੀਰ ਫ਼ਿਲਮ ਨੇ ਅਮਿਤਾਬ ਬੱਚਨ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ । ਇਸ ਫ਼ਿਲਮ ਲਈ ਅਮਿਤਾਬ ਡਾਇਰੈਕਟਰ ਪ੍ਰਕਾਸ਼ ਮਹਿਰਾ ਦੀ ਪਹਿਲੀ ਪਸੰਦ ਨਹੀਂ ਸਨ । ਪ੍ਰਕਾਸ਼ ਮਹਿਰਾ ਰਾਜ ਕੁਮਾਰ ਨੂੰ ਇਸ ਫ਼ਿਲਮ ਵਿੱਚ ਲੈਣਾ ਚਾਹੁੰਦੇ ਸਨ । ਉਹ ਰਾਜ ਕੁਮਾਰ ਕੋਲ ਫ਼ਿਲਮ ਦੀ ਕਹਾਣੀ ਲੈ ਕੇ ਪਹੁੰਚੇ ਸਨ ।ਪਰ ਰਾਜ ਕੁਮਾਰ ਨੇ ਅਜਿਹਾ ਜਵਾਬ ਦਿੱਤਾ ਕਿ ਪ੍ਰਕਾਸ਼ ਮਹਿਰਾ ਲਾਜਵਾਬ ਹੋ ਗਏ । ਰਾਜ ਕੁਮਾਰ ਨੇ ਪ੍ਰਕਾਸ਼ ਮਹਿਰਾ ਨੂੰ ਕਿਹਾ ਸੀ ‘ਤੇਰੇ ਕੋਲੋ ਬਿਜਨੋਰੀ ਤੇਲ ਦੀ ਬਦਬੂ ਆ ਰਹੀ ਹੈ, ਮੈਂ ਤੇਰੇ ਨਾਲ ਫ਼ਿਲਮ ਕਰਨਾ ਤਾਂ ਦੂਰ, ਤੇਰੇ ਨਾਲ ਇੱਕ ਮਿੰਟ ਵੀ ਖੜਾ ਹੋਣਾ ਬਰਦਾਸ਼ਤ ਨਹੀਂ ਕਰ ਸਕਦਾ’ ਇਸੇ ਗੱਲ ਕਰਕੇ ਜੰਜ਼ੀਰ ਵਿੱਚ ਰਾਜ ਕੁਮਾਰ ਦੀ ਥਾਂ ਤੇ ਅਮਿਤਾਬ ਬੱਚਨ ਸਨ ।

ਰਾਜ ਕੁਮਾਰ ਵਿੱਚ ਕੁਝ ਮਜ਼ੇਦਾਰ ਆਦਤਾਂ ਵੀ ਸਨ । ਉਹ ਆਪਣੇ ਸਾਥੀ ਕਲਾਕਾਰਾਂ ਨੂੰ ਕਦੇ ਵੀ ਨਾਂਅ ਨਾਲ ਨਹੀਂ ਸਨ ਬੁਲਾਉਂਦੇ, ਜਿਵੇਂ ਜਤਿੰਦਰ ਨੂੰ ਧਰਮਿੰਦਰ ਤੇ ਧਰਮਿੰਦਰ ਨੂੰ ਜਤਿੰਦਰ ਕਹਿੰਦੇ ਸਨ । ਇੱਕ ਵਾਰ ਕਿਸੇ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਉਹ ਇਸ ਤਰ੍ਹਾਂ ਕਿਉਂ ਕਹਿੰਦੇ ਹਨ ਤਾਂ ਉਹਨਾਂ ਦਾ ਜਵਾਬ ਸੀ ‘ਰਜਿੰਦਰ ਜਾਂ ਧਰਮਿੰਦਰ ਜਾਂ ਜਤਿੰਦਰ ਜਾਂ ਬਾਂਦਰ ਕੀ ਫਰਕ ਪੈਂਦਾ ਹੈ ! ਰਾਜਕੁਮਾਰ ਲਈ ਸਭ ਬਰਾਬਰ ਹਨ ।’

ਰਾਜ ਕੁਮਾਰ ਦਾ ਇੱਕ ਕਿੱਸਾ ਭੱਪੀ ਲਹਿਰੀ ਨਾਲ ਵੀ ਜੁੜਿਆ ਹੋਇਆ ਹੈ । ਸਭ ਜਾਣਦੇ ਹਨ ਕਿ ਭੱਪੀ ਲਹਿਰੀ ਨੂੰ ਗਹਿਣੇ ਪਾਉਣ ਦਾ ਫੋਬੀਆ ਹੈ । ਇਸ ਸਭ ਦੇ ਚਲਦੇ ਭੱਪੀ ਲਹਿਰੀ ਰਾਜ ਕੁਮਾਰ ਨੂੰ ਇੱਕ ਪਾਰਟੀ ਵਿੱਚ ਮਿਲੇ ਸਨ । ਰਾਜ ਕੁਮਾਰ ਨੇ ਉਹਨਾਂ ਨੂੰ ਦੇਖਦੇ ਹੀ ਕਿਹਾ ‘ਵਾਹ ਸ਼ਾਨਦਾਰ ਇੱਕ ਤੋਂ ਵੱਧ ਇੱਕ ਗਹਿਣੇ, ਬਸ ਮੰਗਲ ਸੂਤਰ ਦੀ ਕਮੀ ਹੈ ।’

ਰਾਜ ਕੁਮਾਰ ਦਾ ਗੋਵਿੰਦਾ ਨਾਲ ਵੀ ਇੱਕ ਮਜ਼ੇਦਾਰ ਕਿੱਸਾ ਹੈ । ਦੋਵੇਂ ਜੰਗਬਾਜ਼ ਫ਼ਿਲਮ ਦੀ ਸ਼ੂਟਿੰਗ ਵਿੱਚ ਪਹੁੰਚੇ ਹੋਏ ਸਨ । ਗੋਵਿੰਦਾ ਨੇ ਜਿਹੜੀ ਸ਼ਰਟ ਪਹਿਨੀ ਹੋਈ ਸੀ ਉਸ ਨੂੰ ਦੇਖ ਕੇ ਰਾਜ ਕੁਮਾਰ ਉਸ ਦੀ ਤਾਰੀਫ ਕਰਨ ਲੱਗ ਗਏ ਸਨ । ਜਿਸ ਤੇ ਗੋਵਿੰਦਾ ਨੇ ਕਿਹਾ ‘ਸਰ ਇਹ ਸ਼ਰਟ ਤੁਹਾਨੂੰ ਏਨੀਂ ਹੀ ਪਸੰਦ ਹੈ ਤਾਂ ਇਸ ਨੂੰ ਤੁਸੀਂ ਰੱਖ ਲਵੋ’ ਰਾਜ ਕੁਮਾਰ ਨੇ ਸ਼ਰਟ ਲੈ ਲਈ ਦੋ ਦਿਨ ਬਾਅਦ ਗੋਵਿੰਦਾ ਨੇ ਉਸੇ ਸ਼ਰਟ ਦਾ ਰੁਮਾਲ ਰਾਜ ਕੁਮਾਰ ਦੀ ਜੇਬ ਵਿੱਚ ਦੇਖਿਆ ਸੀ ।

1968 ਵਿੱਚ ਫ਼ਿਲਮ ਆਂਖੇ ਆਈ ਸੀ ਇਹ ਫ਼ਿਲਮ ਰਾਮਾਨੰਦ ਸਾਗਰ ਨੇ ਡਾਇਰੈਕਟ ਕੀਤੀ ਸੀ ਜਦੋਂ ਕਿ ਫ਼ਿਲਮ ਦੇ ਹੀਰੋ ਧਰਮਿੰਦਰ ਸਨ । ਪਰ ਰਾਮਾਨੰਦ ਸਾਗਰ ਇਸ ਫ਼ਿਲਮ ਲਈ ਰਾਜ ਕੁਮਾਰ ਨੂੰ ਲੈਣਾ ਚਾਹੁੰਦੇ ਸਨ । ਰਾਮਾਨੰਦ ਸਾਗਰ ਉਹਨਾਂ ਦੇ ਘਰ ਪਹੁੰਚੇ ਤੇ ਉਹਨਾਂ ਨੇ ਫ਼ਿਲਮ ਦੀ ਕਹਾਣੀ ਰਾਜ ਕੁਮਾਰ ਨੂੰ ਸੁਣਾਈ । ਇਸ ਦੌਰਾਨ ਰਾਜ ਕੁਮਾਰ ਨੇ ਆਪਣੇ ਪਾਲਤੂ ਕੁੱਤੇ ਨੂੰ ਬੁਲਾਇਆ ਤੇ ਉਸ ਨੂੰ ਪੁੱਛਣ ਲੱਗੇ ਕਿ ਉਹ ਇਸ ਫ਼ਿਲਮ ਵਿੱਚ ਕੰਮ ਕਰਂੇਗਾ। ਕੁੱਤੇ ਦੇ ਹਿੱਲ ਜੁਲ ਨਾ ਕਰਨ ਤੇ ਰਾਜ ਕੁਮਾਰ ਨੇ ਰਾਮਾਨੰਦ ਸਾਗਰ ਨੂੰ ਕਿਹਾ ‘ਵੇਖਿਆ ਇਹ ਰੋਲ ਮੇਰਾ ਕੁੱਤਾ ਵੀ ਨਹੀ ਕਰਨਾ ਚਾਹੁੰਦਾ’ ਰਾਮਾਨੰਦ ਸਾਗਰ ਉੱਥੋਂ ਚੁੱਪ ਕਰਕੇ ਚਲੇ ਗਏ । ਇਸ ਤੋਂ ਬਾਅਦ ਦੋਹਾਂ ਨੇ ਕਦੇ ਵੀ ਇੱਕਠੇ ਕੰਮ ਨਹੀਂ ਕੀਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network