'ਫੁੱਲਾਂ ਦੀਏ ਕੱਚੀਏ ਵਪਾਰਨੇ' ਸਮੇਤ ਕਈ ਹਿੱਟ ਗੀਤ ਲਿਖੇ ਸਨ ਗੀਤਕਾਰ ਪ੍ਰੀਤ ਮਹਿੰਦਰ ਤਿਵਾੜੀ ਨੇ

Written by  Rupinder Kaler   |  July 06th 2019 01:17 PM  |  Updated: July 06th 2019 01:20 PM

'ਫੁੱਲਾਂ ਦੀਏ ਕੱਚੀਏ ਵਪਾਰਨੇ' ਸਮੇਤ ਕਈ ਹਿੱਟ ਗੀਤ ਲਿਖੇ ਸਨ ਗੀਤਕਾਰ ਪ੍ਰੀਤ ਮਹਿੰਦਰ ਤਿਵਾੜੀ ਨੇ

ਗੀਤਕਾਰ ਪ੍ਰੀਤ ਮਹਿੰਦਰ ਤਿਵਾੜੀ ਭਾਵੇਂ ਅੱਜ ਇਸ ਫਾਨੀ ਦੁਨੀਆਂ ਵਿੱਚ ਮੌਜੂਦ ਨਹੀਂ ਹਨ । ਪਰ ਉਹਨਾਂ ਦੇ ਲਿਖੇ ਗੀਤ ਅਮਰ ਹਨ, ਇਹ ਗੀਤ ਅੱਜ ਵੀ ਹਰ ਇੱਕ ਦੀ ਰੂਹ ਨੂੰ ਸਕੂਨ ਦਿੰਦੇ ਹਨ । ਭਾਵਨਾਵਾਂ ਨੂੰ ਲਫ਼ਜ਼ਾਂ ਵਿੱਚ ਪਿਰੋਣਾ ਪ੍ਰੀਤ ਮਹਿੰਦਰ ਤਿਵਾੜੀ ਬਾਖੂਬੀ ਜਾਣਦਾ ਸੀ, ਇਸੇ ਲਈ ਉਹਨਾਂ ਦਾ ਹਰ ਗੀਤ ਹਿੱਟ ਹੁੰਦਾ ਸੀ । ਉਹਨਾਂ ਦਾ ਲਿਖਿਆ ਤੇ ਸਰਦੂਲ ਸਿਕੰਦਰ ਦਾ ਗਾਇਆ ਗੀਤ 'ਫੁੱਲਾਂ ਦੀਏ ਕੱਚੀਏ ਵਪਾਰਨੇ, ਕੰਡਿਆਂ ਦੇ ਭਾਅ ਸਾਨੂੰ ਤੋਲ ਨਾ' ਅੱਜ ਵੀ ਨਾਕਾਮ ਆਸ਼ਿਕ ਦੇ ਦਿਲ ਨੂੰ ਸਕੂਨ ਦਿੰਦਾ ਹੈ ।

ਕੁਲਦੀਪ ਮਾਣਕ ਦਾ 'ਮੈਂ ਚਾਦਰ ਕੱਢਦੀ ਨੀਂ' ਵਰਗਾ ਗੀਤ ਪ੍ਰੀਤ ਮਹਿੰਦਰ ਤਿਵਾੜੀ ਦੀ ਵੱਖਰੀ ਸੋਚ ਨੂੰ ਬਿਆਨ ਕਰਦਾ ਹੈ । ਦੂਰਦਰਸ਼ਨ ਦੇ ਪ੍ਰੋਗਰਾਮ ਵਿੱਚ ਰੰਜਨਾ ਵੱਲੋਂ ਗਾਇਆ ਗੀਤ 'ਮੈਨੂੰ ਸੁਰਮੇ ਦੀ ਡੱਬੀ ਵਾਂਗੂੰ ਰੱਖ ਮੁੰਡਿਆ', 'ਰਾਂਝਾ ਜੋਗੀ  ਹੋਇਆ' ਵਰਗੇ ਗੀਤ ਕਿਸੇ ਵੀ ਗਾਇਕ ਨੂੰ ਹਿੱਟ ਕਰਵਾ ਦਿੰਦੇ ਸਨ ।

ਪ੍ਰੀਤ ਮਹਿੰਦਰ ਤਿਵਾੜੀ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂ ਦੇ ਦਿਨਾਂ ਵਿੱਚ ਉਹਨਾਂ ਨੇ ਸਾਹਿਤਕ ਰਚਨਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਸਨ,  ਪਰ ਜਦੋਂ ਉਹਨਾਂ ਨੇ ਗੀਤ ਲਿਖਣੇ ਸ਼ੁਰੂ ਕੀਤੇ ਤਾਂ ਉਹਨਾਂ ਦੀ ਹਰ ਪਾਸੇ ਚੜਾਈ ਹੋ ਗਈ । 1963 ਵਿੱਚ ਉਹਨਾਂ ਦੀ ਪਹਿਲੀ ਕਾਵਿ ਪੁਸਤਕ ਛਪੀ ਸੀ 'ਪ੍ਰੀਤ ਬੁਰੀ ਮੇਰੀ ਮਾਏ'। ਇਸ ਕਿਤਾਬ ਦਾ ਮੁੱਖ ਬੰਦ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ ਸੀ। ਇਸ ਤੋਂ ਬਾਅਦ ਉਹਨਾਂ ਨੇ 'ਜਦੋਂ ਚੁੱਪ ਬੋਲਦੀ ਹੈ' ਟਾਈਟਲ ਹੇਠ ਇੱਕ ਹੋਰ ਕਾਵਿ ਪੁਸਤਕ ਛਪਵਾਈ ।

Preet Mohinder Tiwari Preet Mohinder Tiwari

ਕਾਵਿ ਸੰਗ੍ਰਹਿ ਤੋਂ ਇਲਾਵਾ ਉਹਨਾਂ ਨੇ  ਨਾਵਲ ਵੀ ਲਿਖੇ 'ਰੂਹ ਅੰਬਰਾਂ ਤੱਕ ਰੋਈ' ਉਸਦਾ ਸਫ਼ਲ ਨਾਵਲ ਸੀ ।ਇਸ ਤੋਂ ਬਾਅਦ 'ਅੰਨ੍ਹਾ ਇਸ਼ਕ' ਤੇ 'ਨੰਗੇ ਪੈਰਾਂ ਵਾਲਾ ਚੌਕ' ਨਾਵਲ ਲਿਖ ਕੇ ਸਾਹਿਤ ਜਗਤ ਵਿੱਚ ਵੱਖਰੀ ਪਹਿਚਾਣ ਬਣਾ ਲਈ ਸੀ ।ਉਹਨਾਂ ਨੇ ਡੇਢ ਦਰਜਨ ਤੋਂ ਵੱਧ ਕਹਾਣੀਆਂ ਲਿਖੀਆਂ ਹਨ।ਇੱਥੇ ਹੀ ਬੱਸ ਨਹੀਂ ਉਹਨਾਂ ਨੇ ਕਈ ਨਾਟਕ ਵੀ ਲਿਖੇ । 'ਸੂਲੀ ਟੰਗਿਆ ਸੂਰਜ', 'ਭੁੱਖੇ ਫਰਿਸ਼ਤੇ', 'ਸਵਰਗ ਨਰਕ' ਉਹਨਾਂ ਦੇ ਸਫ਼ਲ ਨਾਟਕ ਸਨ ।

Preet Mohinder Tiwari Preet Mohinder Tiwari

ਸਾਹਿਤ ਰਚਨਾ ਤੋਂ ਇਲਾਵਾ ਉਹਨਾਂ ਨੂੰ ਗਾਉਣ ਦਾ ਸ਼ੌਂਕ ਵੀ ਸੀ ਪਰ ਬਾਅਦ ਵਿੱਚ ਉਹਨਾਂ ਦਾ ਇਹੀ ਸ਼ੌਂਕ ਉਹਨਾਂ ਨੂੰ ਗੀਤਕਾਰੀ ਦੇ ਖੇਤਰ ਵਿੱਚ ਲੈ ਆਇਆ ।ਪ੍ਰੀਤ ਮਹਿੰਦਰ ਤਿਵਾੜੀ ਦਾ ਪਹਿਲਾ ਕਹਿੜਾ ਗਾਣਾ ਰਿਕਾਰਡ ਹੋਇਆ, ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਪਰ  ਸਰਦੂਲ ਸਿਕੰਦਰ, ਅਮਰ ਨੂਰੀ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਗੁਰਦਾਸ ਮਾਨ, ਹੰਸ ਰਾਜ ਹੰਸ, ਹਰਦੀਪ, ਮਹਿੰਦਰ ਕਪੂਰ, ਸਵਿਤਾ ਸਾਥੀ ਤੇ ਵਿਨੋਦ ਸਹਿਗਲ ਵਰਗੇ ਵੱਡੇ ਗਾਇਕਾਂ ਨੇ ਉਹਨਾਂ ਦੇ ਗਾਣੇ ਗਾ ਕੇ ਪ੍ਰਸਿੱਧੀ ਜ਼ਰੂਰ ਹਾਸਲ ਕੀਤੀ ।

ਪ੍ਰੀਤ ਮਹਿੰਦਰ ਤਿਵਾੜੀ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਪੱਟੇ ਗਏ ਨੀ ਮੁੰਡੇ ਤੇਰੇ ਨੀਂ ਪਿਆਰ ਦੇ, ਮੈਂ ਵੰਝਲੀ ਵਜਾਵਾਂ ਤੇ ਤੂੰ ਗਾ ਕੁੜੀਏ, ਕੀ ਬਣੂੰ ਦੁਨੀਆਂ ਦਾ, ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ ਵਰਗੇ ਹੋਰ ਕਈ ਗੀਤ ਹਨ ।ਪ੍ਰੀਤ ਮਹਿੰਦਰ ਤਿਵਾੜੀ ਨੇ ਪੰਜਾਬੀ ਫ਼ਿਲਮਾਂ ਲਈ ਵੀ ਕਈ ਗੀਤ ਲਿਖੇ । 'ਕੀ ਬਣੂੰ ਦੁਨੀਆ ਦਾ' ਵਿੱਚ 8 ਗੀਤ ਤੇ 'ਤੁਣਕਾ ਪਿਆਰ ਦਾ' ਦੇ ਸਾਰੇ ਗੀਤ ਉਹਨਾਂ ਨੇ ਲਿਖੇ ਸਨ।

ਪ੍ਰੀਤ ਮਹਿੰਦਰ ਤਿਵਾੜੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਇੱਕ ਪੁੱਤ ਗੀਤ ਦੇ ਇੱਕ ਧੀ ਮਨਪ੍ਰੀਤ ਹੈ । ਪਿਤਾ ਪਰਸ ਰਾਮ ਦੇ ਘਰ ਮਾਂ ਗੁਰਨਾਮ ਕੌਰ ਦੀ ਕੁੱਖੋਂ ਜਨਮਿਆ ਪ੍ਰੀਤ ਮਹਿੰਦਰ ਤਿਵਾੜੀ 69  ਸਾਲ ਦੀ ਉਮਰ 'ਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ, ਪਰ ਜੋ ਗੀਤ ਉਹਨਾਂ ਦੀ ਕਲਮ ਨੇ ਦਿੱਤੇ ਸਨ ਉਹ ਅੱਜ ਵੀ ਅਮਰ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network