ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰ ਗੱਦੀ ਗੁਰਪੁਰਬ ਦੀਆਂ ਆਪ ਸਭ ਨੂੰ ਵਧਾਈਆਂ

Written by  Shaminder   |  September 15th 2022 08:00 AM  |  Updated: September 15th 2022 10:51 AM

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰ ਗੱਦੀ ਗੁਰਪੁਰਬ ਦੀਆਂ ਆਪ ਸਭ ਨੂੰ ਵਧਾਈਆਂ

Gurgaddi Gurpurab Sri Guru Angad Dev Ji: ਬਾਬਾਣੇ ਗੁਰ ਅੰਗਦੁ ਆਇਆ ॥ ਸਿੱਖ ਧਰਮ ਮਰਯਾਦਾ ਦੀ ਅਲੌਕਿਕ ਗਾਥਾ ਹੈ । ਨਾਨਕ ਨੂਰ ਦਾ ਕ੍ਰਿਸ਼ਮਾ ਜਦੋਂ ਅਸੀਸ ਬਣ ਭਾਈ ਲਹਿਣੇ (Bhai Lehna ji) ਦੇ ਜੀਵਨ ਵਿੱਚ ਵਰਤਿਆ ਤਾਂ ਉੱਥੇ ਕੌਤਕ ਹੀ ਕਮਾਲ ਦਾ ਹੋ ਗਿਆ । ਬਾਬੇ ਆਖਿਆ, 'ਭਾਈ ਸਿੱਖਾ ਜੀ ਤੂੰ ਲਹਿਣਾ ਹੈ ਤਾਂ ਸੱਚਮੁੱਚ ਤੁਸਾਂ ਨੇ ਅਸਾਥੋਂ ਲੈਣਾ ਹੀ ਹੈ ਤਦ ਅਸਾਂ ਦੇਵਣਾ ਹੈ' ਗੁਰੂ ਤੁਠਿਆ ਤੇ ਸੇਵਕ ਗੁਰੂ ਹੋ ਗਿਆ ।

ਮਨੁੱਖੀ ਸੁਰਤ ਉਸ ਇਤਿਹਾਸਕ ਪ੍ਰਸੰਗ ਨਾਲ ਜਦੋਂ ਸਾਂਝ ਪਾਉਂਦੀ ਹੈ, ਜ਼ਿਲ੍ਹਾ ਮੁਕਤਸਰ ਦੇ ਪਿੰਡ ਮੱਤੇ ਦੀ ਸਰਾਂ ਦੇ ਵਸਨੀਕ, ਭਾਈ ਫੇਰੂ ਮੱਲ ਦੇ ਲਾਡਲੇ ਅਤੇ ਹੋਣਹਾਰ ਸਪੁੱਤਰ ਭਾਈ ਲਹਿਣਾ ਜੀ ਨੇ ਪਰਿਵਾਰਕ ਜ਼ਿੰਮੇਵਾਰੀਆਂ ਦੀ ਪੰਡ ਸੰਭਾਲੀ । ਉਸ ਸਮੇਂ ਜਗਤ ਗੁਰਦੇਵ ਸ੍ਰੀ ਗੁਰੂ ਨਾਨਕ (Guru Nanak Dev ji) ਸਾਹਿਬ ਜੀ ਦੁਨੀਆਂ ਦੀ ਸੁੱਤੀ ਚੇਤਨਾ ਨੂੰ ਜਗਾਉਂਦਿਆਂ, ਨਾਮ-ਬਾਣੀ ਵਰਤਾਉਂਦਿਆਂ, ਦੁਨਿਆਵੀ ਜੀਆਂ ਨੂੰ ਪਰਮੇਸ਼ਰ ਦੇ ਦੀਦਾਰਿਆਂ ਤੇ ਸਾਂਝਾਂ ਦਾ ਅਮਲੀ ਜਾਮਾ ਪਹਿਨਾ ਰਹੇ ਸਨ ।

Guru Angad dev ji- Image Source : Google

ਹੋਰ ਪੜ੍ਹੋ : ਬਾਬਾ ਬੁੱਢਾ ਜੀ ਦਾ ਅੱਜ ਹੈ ਜੋਤੀ ਜੋਤ ਦਿਵਸ, ਦਰਸ਼ਨ ਔਲਖ ਨੇ ਵੀ ਬਾਬਾ ਜੀ ਨੂੰ ਕੀਤਾ ਯਾਦ

ਇਕ ਪਾਸੇ ਜਿੱਥੇ ਕਰਤਾਰਪੁਰ ਦੀ ਧਰਤੀ 'ਤੇ ਮਾਨਵਤਾ, ਜਗਤ ਗੁਰਦੇਵ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਨਾਲ ਜੀਵਨ ਉਚੇਰਾ ਬਣਾ ਰਹੀ ਸੀ ਉੱਥੇ ਭਾਈ ਫੇਰੂ ਮੱਲ ਜੀ ਦੇ ਲਾਇਕ ਸਪੁੱਤਰ ਭਾਈ ਲਹਿਣਾ ਜੀ ਕਬੀਲਦਾਰੀ ਦੇ ਰੁਝੇਵਿਆਂ ਵਿੱਚ ਜ਼ਿੰਦਗੀ ਨੂੰ ਨੇੜਿਓਂ ਵੇਖਣ ਤੇ ਸਿੱਖਣ ਦਾ ਯਤਨ ਕਰ ਰਹੇ ਸਨ । ਸਮਾਂ ਆਪਣੀ ਤੋਰੇ ਤੁਰਦਾ ਗਿਆ । ਪਰਮੇਸ਼ਰ ਦੇ ਹੁਕਮ ਨਾਲ ਭਾਈ ਫੇਰੂ ਮੱਲ ਜੀ ਵੀ ਅਕਾਲ ਪਿਆਨਾ ਕਰ ਗਏ । ਅਤੇ ਇਸ ਤਰ੍ਹਾਂ ਪਿਤਾ ਦੇ ਕਾਰ-ਵਿਹਾਰ ਦੀ ਸਾਰੀ ਜ਼ਿੰਮੇਵਾਰੀ ਪੁੱਤਰ ਭਾਈ ਲਹਿਣਾ ਜੀ ਦੇ ਮੋਢਿਆਂ ਉੱਪਰ ਆਣ ਪਈ ।

Guru Angad Dev ji- Image Source : Google

ਹੋਰ ਪੜ੍ਹੋ : ਅਸੀਸ ਕੌਰ ਨੇ ਅਵਾਰਡ ਸਮਾਰੋਹ ਦੌਰਾਨ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਭਾਈ ਲਹਿਣਾ ਜੀ ਨੇ ਪਿਤਾ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ, ਪਰਿਵਾਰਕ ਕਾਰ-ਵਿਹਾਰ ਕਰਦਿਆਂ, ਆਪਣੀ ਕੁੱਲ ਰੀਤ ਅਨੁਸਾਰ ਤੀਰਥ ਯਾਤਰਾ ਅਤੇ ਹੋਰ ਧਰਮ ਦੇ ਕਾਰਜ ਨੂੰ ਜਾਰੀ ਰੱਖਿਆ । ਮਨ ਅੰਦਰ ਸੇਵਾ ਦੇ ਚਾਅ ਅਤੇ ਵਿਰਸੇ ਵਿੱਚ ਮਿਲੀਆਂ ਧਾਰਮਿਕ ਰੁੱਚੀਆਂ ਨੇ ਭਾਈ ਲਹਿਣਾ ਜੀ ਨੂੰ ਧਾਰਮਿਕ ਬਿਰਤੀ ਵਾਲਾ ਸੱਜਣ, ਮਿਠਬੋਲੜਾ ਜੀਵ ਤਾਂ ਬਣਾ ਦਿੱਤਾ ਪਰ ਦਰਸ਼ਨਾਂ ਅਤੇ ਤੀਰਥਾਂ ਦੇ ਰਟਨ, ਮਹਾਂਪੁਰਸ਼ਾਂ ਦੇ ਵਖਿਆਨਾਂ ਦੇ ਕਰਮ ਨਾਲ ਵੀ ਭਾਈ ਲਹਿਣਾ ਜੀ ਨੂੰ ਆਤਮਿਕ ਸ਼ਾਂਤੀ ਦੀ ਪ੍ਰਾਪਤੀ ਨਾ ਹੋਈ ।

Guru Angad Dev ji, Image Source : Google

ਮਨ ਹਰ ਸਮੇਂ ਆਤਮਿਕ ਖਾਲੀਪਨ ਦੇ ਝੋਰੇ 'ਚ ਰਹੇ । ਤੇ ਆਖਰ ਇਕ ਦਿਨ ਜਦੋਂ ਭਾਈ ਜੋਧ ਜੀ ਦੇ ਮੁੱਖ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਇਲਾਹੀ ਬਚਨ ਸੁਣੇ ਤਾਂ ਭਟਕਦੇ ਮਨ ਨੂੰ ਧਰਵਾਸ ਮਿਲਿਆ । ਗੁਰੂ ਨਾਨਕ ਸਾਹਿਬ ਦੀਆਂ ਸੱਚੀਆਂ ਸਾਖੀਆਂ ਸੁਣ, ਹਿਰਦੇ ਵਿੱਚ ਨਾਨਕ ਨੂਰ ਦੇ ਦਰਸ਼ਨਾਂ ਦੀ ਸਿੱਕ ਪੈਦਾ ਹੋਈ ਅਤੇ ਹਿਰਦੇ ਦੀ ਧੂਹ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੀਦਾਰਿਆਂ ਦਾ ਮਨ ਬਣਾਇਆ ।

ਭਾਈ ਜੋਧ ਜੀ ਦੇ ਮੁੱਖੋਂ ਸੁਣੇ ਗੁਰੂ ਨਾਨਕ ਸਾਹਿਬ ਜੀ ਦੇ ਇਲਾਹੀ ਬਚਨ ਹੀ ਭਾਈ ਲਹਿਣਾ ਜੀ ਦੇ ਜੀਵਨ ਦੀ ਪ੍ਰੇਰਨਾ ਬਣ ਗਏ । ਜਦ ਕਰਤਾਰਪੁਰ ਪਹੁੰਚੇ ਤਾਂ ਡਿੱਠਾ ਗੁਰਦੇਵ ਸ੍ਰੀ ਨਾਨਕ ਦੇਵ ਸਾਹਿਬ ਜੀ ਨੂੰ ਕਿਰਸਾਨੀ ਦੇ ਸਾਧਾਰਨ ਲਿਬਾਸ ਵਿੱਚ । ਢਹਿ ਪਏ ਗੁਰੂ ਚਰਨਾਂ ਵਿੱਚ । ਗੁਰੂਦੇਵ ਨੇ ਚੁੱਕ ਸੀਨੇ ਨਾਲ ਲਗਾਇਆ ਤੇ ਪੁੱਛਿਆ "ਪੁਰਖਾ, ਨਾਉਂ ਕੀ ਐ ਤੇਰਾ?"

Guru Angad Dev ji Image Source : Google

ਉੱਤਰ ਦਿੱਤਾ, "ਜੀ, ਲਹਿਣਾ" । ਅੱਗੋਂ ਜਵਾਬ ਮਿਲਿਆ "ਤਾਂ ਫ਼ਿਰ, ਤੁਸਾਂ ਲੈਣਾ ਤਿ ਅਸਾਂ ਦੇਵਣਾ ਹੈ"

ਇੰਝ ਭਾਈ ਲਹਿਣਾ, ਨਾ ਰਿਹਾ ਲਹਿਣਾ, ਸਗੋਂ ਗੁਰੂਦੇਵ ਦੇ ਅੰਗ-ਸੰਗ ਬਣ ਗਏ । ਮਨ, ਸ਼ੁਕਰ ਦੇ ਅਹਿਸਾਸ 'ਚ ਬਝ ਗਿਆ । ਸੁਰਤ ਰੂਹਾਨੀ ਮੰਡਲਾਂ 'ਚ ਪਰਵਾਜ਼ ਕਰ ਗਈ । ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਨਦਰ, ਬਖਸ਼ਿਸ਼ ਨਾਲ ਮਨ ਨੂੰ ਇਕਾਗਰਤਾ ਪ੍ਰਦਾਨ ਹੋ ਗਈ । ਕੀਰਤਨ 'ਚ ਮਨ ਟਿਕਿਆ ਤੇ ਫ਼ਿਰ ਨਾਲ ਗਏ ਸਾਥ ਨੂੰ ਆਖ ਦਿੱਤਾ ਕਿ ਲਹਿਣੇ ਨੂੰ ਟਿਕਾਣਾ ਮਿਲ ਗਿਆ ਹੈ, ਹੋਰ ਟਿਕਾਣੇ ਦੀ ਲੋੜ ਨਹੀਂ ਰਹੀ । ਸਾਥੀਆਂ ਕੋਲੋਂ ਕੌੜੇ ਬਚਨ ਵੀ ਹੁਣ ਮਿਲੇ । ਪਰ ਭਾਈ ਲਹਿਣਾ ਜੀ ਤਾਂ ਗੁਰੂ ਚਰਨਾਂ ਦੇ ਭੰਵਰੇ ਬਣ ਚੁੱਕੇ ਸਨ ।

ਕਰਤਾਰਪੁਰ ਵਿੱਚ ਕਥਾ ਕੀਰਤਨ ਸੁਣਦੇ, ਸੇਵਾ ਕਰਦੇ, ਭਾਈ ਲਹਿਣਾ ਜੀ, ਸ੍ਰੀ ਗੁਰੂ ਨਾਨਕ ਸਾਹਿਬ ਦੇ ਹਰ ਬਚਨ ਨੂੰ ਇਲਾਹੀ ਹੁਕਮ ਜਾਣ, ਸੱਤ ਬਚਨ ਕਰ ਮੰਨਦੇ । ਐਸਾ ਗੁਰੂ ਨਾਲ ਮਿਲਾਪ ਹੋਇਆ ਕਿ ਮਨ ਅੰਦਰ ਅਗਿਆਨਤਾ ਦਾ ਹਨ੍ਹੇਰਾ ਨਾਸ ਹੋ ਗਿਆ । ਗੁਰੂ ਸਾਹਿਬ ਜੀ ਭਾਈ ਲਹਿਣਾ ਜੀ ਦੀ ਪ੍ਰੇਮਾ ਭਗਤੀ ਨੂੰ ਪੱਕਿਆਉਂਦੇ ਤੇ ਕਰੜੀ ਤੋਂ ਕਰੜੀ ਪਰਖ਼ ਲੈਂਦੇ । ਭਾਈ ਲਹਿਣਾ ਜੀ ਗੁਰੂ ਸਾਹਿਬ ਜੀ ਦਾ ਹਰ ਹੁਕਮ ਮੰਨਦੇ ਤੇ ਪ੍ਰੇਮ ਦੀ ਪ੍ਰੀਖਿਆ 'ਚੋਂ ਸਫ਼ਲ ਨਿਕਲਦੇ ਰਹੇ । ਪ੍ਰੇਮ ਦਾ ਫੁੱਲ ਖਿੜਦਾ ਗਿਆ ਅਤੇ ਵਿਕਸਿਤ ਹੁੰਦਾ ਗਿਆ । ਜਿੰਨਾ ਵਿਕਸਿਤ ਹੁੰਦਾ, ਜੀਵਨ ਵਿੱਚ ਸੇਵਾ ਦੀ ਭੁੱਖ ਵਧਦੀ ਹੀ ਗਈ । ਤੇ ਐਸਾ ਸਮਾਂ ਆਇਆ ਜਦੋਂ ਹੁਕਮ ਦੇਣ ਵਾਲੇ ਤੇ ਹੁਕਮ ਮੰਨਣ ਵਾਲੇ ਵਿਚਲਾ ਫ਼ਰਕ ਵੀ ਮਿਟ ਗਿਆ । ਵਰ੍ਹਿਆਂ ਦੀ ਤੜਫ ਗੁਰੂ ਮਿਲਾਪ ਨਾਲ ਸ਼ਾਂਤ ਹੋ ਗਈ । ਆਤਮਿਕ ਇਕਲਾਪਨ ਖ਼ਤਮ ਹੋ ਗਿਆ । ਗੁਰੂ ਚਰਨਾਂ ਦੀ ਸੇਵਾ ਹੀ ਮਨ ਦੀ ਇਕਾਗਰਤਾ ਦਾ ਪ੍ਰਤੀਕ ਬਣ ਗਈ । ਗੁਰੂ ਤੇ ਸਿੱਖ ਦਾ ਭੇਦ ਹੀ ਮਿੱਟ ਗਿਆ ।

ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥

ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥ (ਵਾਰ ਸਾਰੰਗ ਮ: ੪, ਸਲੋਕ ਮ: ੨)

ਭਾਈ ਲਹਿਣਾ ਜੀ ਨੇ ਲਹਿਣੇ ਤੋਂ ਅੰਗਦ ਤੇ ਅੰਗਦ ਤੋਂ ਸ੍ਰੀ ਗੁਰੂ ਅੰਗਦ ਸਾਹਿਬ ਦੀ ਮੰਜ਼ਿਲ ਤੈਅ ਕਰ ਲਈ । ਚੇਲਾ ਗੁਰੂ ਦੀ ਸਦੀਵਤਾ ਦਾ ਸਾਖਿਆਕਾਰ ਹੋ ਗਿਆ ।

ਅੰਗਹੁ ਅੰਗ ਉਪਾਇਓਨੁ ਗੰਗਹੁ ਜਾਣੁ ਤਰੰਗੁ ਉਠਾਇਆ ।

ਗਹਿਰ ਗੰਭੀਰ ਗਹੀਰੁ ਗੁਣੁ ਗੁਰਮੁਖਿ ਗੁਰੁ ਗੋਬਿੰਦੁ ਸਦਾਇਆ ।

ਆਓ ਗੁਰੂ ਸਾਹਿਬ ਜੀ ਦੇ ਪਾਵਨ ਗੁਰਿਆਈ ਪੁਰਬ ’ਤੇ ਸ਼ਬਦ ਗੁਰੂ ਦੇ ਲੜ ਲਗਦਿਆਂ ਜੀਵਨ ਦਾ ਸੀਰ ਪ੍ਰਾਪਤ ਕਰੀਏ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network