
Diljit Dosanjh news: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਦਿਲਜੀਤ ਦੋਸਾਂਝ, ਜੋ ਕਿ ਆਪਣੇ ਗੀਤਾਂ ਤੇ ਵੀਡੀਓਜ਼ ਨੂੰ ਲੈ ਕੇ ਚਰਚਾ ਵਿੱਚ ਬਣੇ ਰਹਿੰਦੇ ਹਨ। ਦਿਲਾਂ ਦਾ ਬਾਦਸ਼ਾਹ ਕਹੇ ਜਾਣ ਵਾਲੇ ਦਿਲਜੀਤ ਆਪਣੀ ਆਵਾਜ਼ ਅਤੇ ਦਿਆਲੂ ਦਿਲ ਲਈ ਜਾਣੇ ਜਾਂਦੇ ਹਨ।
ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਦੀਪ ਸਿੱਧੂ ਦੀ ਮੌਤ ਬਾਰੇ ਬੋਲਿਆ ਹੈ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਕਤਲ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਦੱਸ ਦੇਈਏ ਕਿ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝਾ ਕੀਤਾ ਖ਼ਾਸ ਵੀਡੀਓ, ਦਿਖਾਏ ਲੰਡਨ ਦੇ ਖ਼ੂਬਸੂਰਤ ਨਜ਼ਾਰੇ

ਇੱਕ ਇੰਟਰਵਿਊ ਦੌਰਾਨ ਦਿਲਜੀਤ ਦੋਸਾਂਝ ਨੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਬਾਰੇ ਗੱਲ ਕੀਤੀ। ਦਿਲਜੀਤ ਨੇ ਅੱਗੇ ਕਿਹਾ, 'ਇਸ ਬਾਰੇ ਗੱਲ ਕਰਨਾ ਬਹੁਤ ਮੁਸ਼ਕਲ ਹੈ। ਜ਼ਰਾ ਉਨ੍ਹਾਂ ਬਾਰੇ ਸੋਚੋ ਜਿਨ੍ਹਾਂ ਦਾ ਇੱਕ ਹੀ ਪੁੱਤਰ ਸੀ ਅਤੇ ਉਹ ਮਰ ਗਿਆ। ਉਸਦੇ ਮਾਤਾ ਅਤੇ ਪਿਤਾ, ਉਹ ਕਿਵੇਂ ਜੀ ਰਹੇ ਹੋਣਗੇ। ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਹ ਕਿਵੇਂ ਇਸ ਸਮੇਂ ਵਿੱਚੋਂ ਗੁਜ਼ਰ ਰਹੇ ਹਨ। ਇਹ ਸਰਕਾਰ ਦੀ 100 ਫੀਸਦੀ ਨਲਾਇਕੀ ਹੈ। ਇਹ ਰਾਜਨੀਤੀ ਹੈ ਅਤੇ ਰਾਜਨੀਤੀ ਬਹੁਤ ਗੰਦੀ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇ ਅਤੇ ਅਜਿਹਾ ਦੁਖਾਂਤ ਨਾ ਵਾਪਰੇ’।ਦੱਸ ਦਈਏ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਛੇ ਮਹੀਨੇ ਹੋ ਗਏ ਹਨ। ਪਰ ਅਜੇ ਤੱਕ ਮਾਪੇ ਇਨਸਾਫ਼ ਦੀ ਉਡੀਕ ਕਰ ਰਹੇ ਹਨ।

ਗਾਇਕ ਦਿਲਜੀਤ ਦੋਸਾਂਝ ਜੋ ਕਿ ਇੰਨ੍ਹੀ ਦਿਨੀਂ ਮੁੰਬਈ ਪਹੁੰਚੇ ਹੋਏ ਹਨ। ਜਿੱਥੇ ਉਹ 9 ਦਸੰਬਰ ਨੂੰ ਆਪਣੇ ਲਾਈਵ ਮਿਊਜ਼ਿਕ ਸ਼ੋਅ ਬੌਰਨ ਟੂ ਸ਼ਾਇਨ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ।